ਅਮਰੀਕੀ ਹਾਊਸ ਨੇ ਅਫਗਾਨਾਂ ਲਈ ਵੀਜ਼ਾ ਪ੍ਰਕਿਰਿਆ ਤੇਜ਼ ਕਰਨ ਲਈ ਦਿੱਤੀ ਵੋਟ
Saturday, Jul 24, 2021 - 02:14 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਹਾਊਸ (ਸਦਨ) ਨੇ ਵੀਰਵਾਰ ਇੱਕ ਅਜਿਹਾ ਬਿੱਲ ਪਾਸ ਕੀਤਾ ਹੈ, ਜੋ ਵਿਸ਼ੇਸ਼ ਤੌਰ ’ਤੇ ਉਨ੍ਹਾਂ ਅਫਗਾਨੀ ਲੋਕਾਂ ਲਈ ਸਪੈਸ਼ਲ ਇਮੀਗ੍ਰਾਂਟ ਵੀਜ਼ਾ ਪ੍ਰੋਸੈੱਸ (ਐੱਸ. ਆਈ. ਵੀ.) ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ, ਜਿਨ੍ਹਾਂ ਨੇ ਅਮਰੀਕੀ ਫੌਜਾਂ ਦੀ ਮਦਦ ਕੀਤੀ ਹੈ। ਸਦਨ ਵੱਲੋਂ ਪਾਸ ਇਹ ਬਿੱਲ ਅਫਗਾਨੀ ਲੋਕਾਂ ਲਈ ਵੀਜ਼ਾ ਪ੍ਰਕਿਰਿਆ ਦੀਆਂ ਵਧੇਰੇ ਕਾਗਜ਼ੀ ਕਾਰਵਾਈਆਂ ਨੂੰ ਖਤਮ ਕਰੇਗਾ ਅਤੇ ਯੋਗ ਅਫਗਾਨਾਂ ਨੂੰ ਦੇਣ ਵਾਲੇ ਵੀਜ਼ੇ ਦੀ ਗਿਣਤੀ ’ਚ ਵਾਧਾ ਵੀ ਕਰੇਗਾ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ
ਅਮਰੀਕੀ ਸੈਨਾ ਦੇ ਨਾਲ ਕੰਮ ਕਰਨ ਤੋਂ ਬਾਅਦ ਤਾਲਿਬਾਨ ਦਾ ਡਰ ਰੱਖਣ ਵਾਲੇ ਅਫਗਾਨ ਬਾਈਡੇਨ ਪ੍ਰਸ਼ਾਸਨ ਵੱਲੋਂ ਉੱਥੋਂ ਕੱਢੇ ਜਾ ਰਹੇ ਹਨ ਪਰ ਇਸ ਲਈ ਬਿਨੈਕਾਰਾਂ ਨੂੰ ਐੱਸ. ਆਈ. ਵੀ. ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਪੂਰਾ ਕਰਨ ’ਚ ਕਈ ਸਾਲ ਲੱਗ ਸਕਦੇ ਹਨ। ਇਹ ਨਵਾਂ ਅਲਾਇੰਸ ਐਕਟ, ਜੋ 407-16 ਵੋਟਾਂ ਨਾਲ ਪਾਸ ਹੋਇਆ ਹੈ, ਵੀਜ਼ੇ ਦੀ 14 ਸਟੈੱਪਜ਼ ਵਾਲੀ ਪ੍ਰਕਿਰਿਆ ’ਚ ਕੁਝ ਬੇਲੋੜੀਆਂ ਕਾਗਜ਼ੀ ਕਾਰਵਾਈਆਂ ਨੂੰ ਖਤਮ ਕਰ ਦੇਵੇਗਾ ਅਤੇ ਨਾਲ ਹੀ ਉਪਲੱਬਧ ਵੀਜ਼ਿਆਂ ਦੀ ਗਿਣਤੀ ’ਚ 8000 ਤੱਕ ਦਾ ਵਾਧਾ ਵੀ ਹੋਵੇਗਾ।
ਬਿੱਲ ਪਿਛਲੇ ਮਹੀਨੇ ਸਦਨ ਵੱਲੋਂ ਪਾਸ ਕੀਤੇ ਗਏ ‘ਹੋਪ ਫਾਰ ਅਫਗਾਨ ਐੱਸ. ਆਈ. ਵੀ. ਐਕਟ’ ਤੋਂ ਬਾਅਦ ਆਇਆ ਹੈ, ਜੋ ਡਾਕਟਰੀ ਜਾਂਚ ਦੀਆਂ ਜ਼ਰੂਰਤਾਂ ਸਬੰਧੀ ਸੀ। ਅੰਕੜਿਆਂ ਅਨੁਸਾਰ ਇਸ ਯੋਜਨਾ ਤਹਿਤ ਮੌਜੂਦਾ ਬਿਨੈਕਾਰਾਂ ਦੀ ਗਿਣਤੀ 20,000 ਤੋਂ ਵੱਧ ਹੈ ਪਰ ਲੱਗਭਗ ਅੱਧਿਆਂ ਨੇ ਅਜੇ ਤੱਕ ਅਰਜ਼ੀ ਦੇ ਸ਼ੁਰੂਆਤੀ ਪੜਾਅ ਨੂੰ ਵੀ ਪੂਰਾ ਨਹੀਂ ਕੀਤਾ ਹੈ। ਹਾਲਾਂਕਿ ਵਿਦੇਸ਼ ਵਿਭਾਗ ਅਨੁਸਾਰ ਐੱਸ. ਆਈ. ਵੀ. ਪ੍ਰੋਗਰਾਮ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਵੀ ਜਾਰੀ ਰਹੇਗਾ। ਕਈ ਅਫਗਾਨੀ ਲੋਕ ਜੋ ਅਮਰੀਕਾ ਆ ਰਹੇ ਹਨ, ਦੇ ਲਈ ਰੱਖਿਆ ਵਿਭਾਗ ਵੱਲੋਂ ਵਰਜੀਨੀਆ ’ਚ ਫੌਜੀ ਬੇਸ ਫੋਰਟ ਲੀ ’ਚ ਅਸਥਾਈ ਤੌਰ ’ਤੇ ਰਹਿਣ ਦੀ ਸਹਿਮਤੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚੇ ਨਵਜੋਤ ਸਿੱਧੂ, ਬੱਸ ਹਾਦਸੇ ਦੇ ਪੀੜਤਾਂ ਦਾ ਜਾਣਿਆ ਹਾਲ