ਤਾਲਿਬਾਨ ਨੁਮਾਇੰਦਿਆਂ ਨਾਲ ਦੋਹਾ ’ਚ ਗੱਲਬਾਤ ਕਰੇਗਾ ਅਮਰੀਕੀ ਵਫ਼ਦ

Saturday, Oct 09, 2021 - 05:11 PM (IST)

ਤਾਲਿਬਾਨ ਨੁਮਾਇੰਦਿਆਂ ਨਾਲ ਦੋਹਾ ’ਚ ਗੱਲਬਾਤ ਕਰੇਗਾ ਅਮਰੀਕੀ ਵਫ਼ਦ

ਵਾਸ਼ਿੰਗਟਨ (ਵਾਰਤਾ)-ਅਮਰੀਕੀ ਅਧਿਕਾਰੀਆਂ ਦਾ ਇਕ ਵਫ਼ਦ ਤਾਲਿਬਾਨ ਦੇ ਸੀਨੀਅਰ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਹਫ਼ਤੇ ਦੇ ਅੰਤ ’ਚ ਕਤਰ ਦੀ ਰਾਜਧਾਨੀ ਦੋਹਾ ਦਾ ਦੌਰਾ ਕਰੇਗਾ। ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਮੀਟਿੰਗ ਅਹਿਮ ਰਾਸ਼ਟਰੀ ਹਿੱਤਾਂ ਦੇ ਮੁੱਦਿਆਂ ’ਤੇ ਤਾਲਿਬਾਨ ਨਾਲ ਅਮਰੀਕਾ ਦੀ ਵਿਵਹਾਰਿਕ ਗੱਲਬਾਤ ਦੀ ਨਿਰੰਤਰਤਾ ਹੈ। ਮੀਟਿੰਗ ਦੀਆਂ ਮੁੱਖ ਤਰਜੀਹਾਂ ’ਚ ਅਮਰੀਕੀ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਤੇ ਅਫ਼ਗਾਨੀਆਂ ਨੂੰ ਅਫ਼ਗਾਨਿਸਤਾਨ ਤੋਂ ਲਗਾਤਾਰ ਸੁਰੱਖਿਅਤ ਕੱਢਣਾ ਅਤੇ ਅਮਰੀਕਾ ਜਾਂ ਉਸ ਦੇ ਸਹਿਯੋਗੀ ਦੇਸ਼ਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਲਈ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਨਾ ਹੋਣ ਦੇਣਾ ਹੈ।

ਉਨ੍ਹਾਂ ਕਿਹਾ ਕਿ ਮੀਟਿੰਗ ’ਚ ਅਮਰੀਕੀ ਅਧਿਕਾਰੀ ਤਾਲਿਬਾਨ ’ਤੇ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ, ਇਕ ਸਮਾਵੇਸ਼ੀ ਸਰਕਾਰ ਬਣਾਉਣ ਅਤੇ ਮਾਨਵਤਾਵਾਦੀ ਏਜੰਸੀਆਂ ਨੂੰ ਜ਼ਰੂਰਤ ਦੇ ਖੇਤਰਾਂ ’ਚ ਮੁਫਤ ਪਹੁੰਚ ਦੀ ਆਗਿਆ ਦੇਣ ਲਈ ਦਬਾਅ ਪਾਉਣਗੇ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਵਫ਼ਦ ’ਚ ਫੈਡਰਲ ਇੰਟੈਲੀਜੈਂਸ ਬਿਊਰੋ, ਵਿਦੇਸ਼ ਵਿਭਾਗ ਅਤੇ ਅਮਰੀਕੀ ਅੰਤਰਰਾਸ਼ਟਰੀ ਵਿਕਾਸ ਏਜੰਸੀ ਦੇ ਅਧਿਕਾਰੀ ਸ਼ਾਮਲ ਹੋਣਗੇ। ਅਗਸਤ ਦੇ ਅਖੀਰ ’ਚ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਅਮਰੀਕਾ ਤੇ ਤਾਲਿਬਾਨ ਵਿਚਕਾਰ ਇਹ ਪਹਿਲੀ ਵਿਅਕਤੀਗਤ ਮੀਟਿੰਗ ਹੋਵੇਗੀ।


author

Manoj

Content Editor

Related News