ਅਮਰੀਕਾ 5 ਲੱਖ ਵੈਕਸੀਨ ਖੁਰਾਕਾਂ ਨਾਲ ਕਰ ਰਿਹੈ ਰਵਾਂਡਾ ਦੀ ਸਹਾਇਤਾ
Wednesday, Aug 18, 2021 - 06:56 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਬਾਈਡੇਨ ਪ੍ਰਸ਼ਾਸਨ ਵੱਲੋਂ ਵਿਸ਼ਵ ਭਰ ’ਚ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਉਦੇਸ਼ ਨਾਲ ਗਰੀਬ ਦੇਸ਼ਾਂ ’ਚ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਵੰਡਣ ਦੀ ਪ੍ਰਕਿਰਿਆ ਜਾਰੀ ਹੈ। ਇਸੇ ਲੜੀ ਤਹਿਤ ਅਮਰੀਕਾ ਵੱਲੋਂ ਫਾਈਜ਼ਰ ਕੰਪਨੀ ਦੇ ਕੋਵਿਡ-19 ਟੀਕੇ ਦੀਆਂ 5 ਲੱਖ ਦੇ ਕਰੀਬ ਖੁਰਾਕਾਂ ਨਾਲ ਰਵਾਂਡਾ ਦੇਸ਼ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਸਬੰਧੀ ਵ੍ਹਾਈਟ ਹਾਊਸ ਦੇ ਬੁਲਾਰੇ ਕੇਵਿਨ ਮੁਨੋਜ਼ ਨੇ ਮੰਗਲਵਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਈਡੇਨ ਪ੍ਰਸ਼ਾਸਨ ਵੱਲੋਂ ਰਵਾਂਡਾ ਦੇਸ਼ ਨੂੰ ਫਾਈਜ਼ਰ ਕੰਪਨੀ ਦੀਆਂ 4,88,000 ਤੋਂ ਵੱਧ ਖੁਰਾਕਾਂ ਭੇਜੀਆਂ ਜਾ ਰਹੀਆਂ ਹਨ। ਇਨ੍ਹਾਂ ਖੁਰਾਕਾਂ ’ਚ @ਪੌਟਸ ਤਹਿਤ ਖਰੀਦੀਆਂ 500 ਮਿਲੀਅਨ ਖੁਰਾਕਾਂ ’ਚੋਂ 1,00,000 ਖੁਰਾਕਾਂ ਸ਼ਾਮਲ ਹਨ।
ਵ੍ਹਾਈਟ ਹਾਊਸ ਅਨੁਸਾਰ ਸਰਕਾਰ ਦਾ ਇਹ ਕਦਮ ਗਰੀਬ ਦੇਸ਼ਾਂ ਨੂੰ ਟੀਕੇ ਵੰਡਣ ਵਿੱਚ ਸਹਾਇਤਾ ਕਰਨ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਕੋਵੈਕਸ ਪ੍ਰੋਗਰਾਮ ਦਾ ਹਿੱਸਾ ਹੈ। ਅਮਰੀਕਾ ਇਸ ਸਹਾਇਤਾ ਦੀ ਲੜੀ ਵਜੋਂ 110 ਮਿਲੀਅਨ ਤੋਂ ਵੱਧ ਖੁਰਾਕਾਂ ਸਾਂਝੀਆਂ ਕਰ ਚੁੱਕਾ ਹੈ ਅਤੇ ਇਸ ਸਾਲ ਦੇ ਅੰਤ ਤੱਕ ਦੁਨੀਆ ਭਰ ’ਚ ਘੱਟੋ-ਘੱਟ 200 ਮਿਲੀਅਨ ਹੋਰ ਖੁਰਾਕਾਂ ਉਪਲੱਬਧ ਕਰਵਾਉਣ ਦੀ ਉਮੀਦ ਹੈ, ਜਦਕਿ ਬਾਈਡੇਨ ਪ੍ਰਸ਼ਾਸਨ ਵੱਲੋਂ 2022 ਦੇ ਪਹਿਲੇ ਅੱਧ ’ਚ ਵੀ ਹੋਰ 300 ਮਿਲੀਅਨ ਖੁਰਾਕਾਂ ਵੰਡਣ ਦਾ ਟੀਚਾ ਹੈ। ਕੋਰੋਨਾ ਵਾਇਰਸ ਦੇ ਅੰਕੜਿਆਂ ਅਨੁਸਾਰ ਰਵਾਂਡਾ ’ਚ ਕੋਵਿਡ-19 ਦੀ ਲਾਗ ਔਸਤਨ 584 ਰੋਜ਼ਾਨਾ ਰਿਪੋਰਟ ਕੀਤੇ ਕੋਰੋਨਾ ਮਾਮਲਿਆਂ ਨਾਲ ਘਟ ਰਹੀ ਹੈ।