ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਅਮਰੀਕਾ ਨੇ ਇਜ਼ਰਾਈਲ ਨੂੰ ਲੈ ਕੇ ਚੁੱਕਿਆ ਵੱਡਾ ਕਦਮ

05/17/2021 6:51:26 PM

ਇੰਟਰਨੈਸ਼ਨਲ ਡੈਸਕ : ਅਮਰੀਕਾ ਨੇ ਇਕ ਹਫ਼ਤੇ ’ਚ ਤੀਜੀ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਇਜ਼ਰਾਈਲ-ਫਿਲਸਤੀਨ ਸੰਘਰਸ਼ ’ਤੇ ਸਾਂਝਾ ਬਿਆਨ ਜਾਰੀ ਕਰਨ ਤੋਂ ਰੋਕ ਦਿੱਤਾ ਹੈ। ਇਜ਼ਰਾਈਲੀ ਮੀਡੀਆ ਨੇ ਮਾਮਲੇ ਨਾਲ ਜੁੜੇ ਰਾਜਦੂਤਾਂ ਦੇ ਹਵਾਲੇ ਨਾਲ ਇਹ ਰਿਪੋਰਟ ਛਾਪੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਐਤਵਾਰ ਨੂੰ ਹੋਈ ਐਮਰਜੈਂਸੀ ਬੈਠਕ ਤੋਂ ਬਾਅਦ ਨਾਰਵੇ, ਟਿਊਨੀਸ਼ੀਆ ਤੇ ਚੀਨ ਦੇ ਬਿਆਨ ਪੇਸ਼ ਕੀਤੇ, ਜਿਨ੍ਹਾਂ ’ਚ ਦੋਵਾਂ ਪੱਖਾਂ ਤੋਂ ਸੀਜ਼ਫਾਇਰ ਦੀ ਮੰਗ ਕੀਤੀ ਗਈ ਪਰ ਅਮਰੀਕਾ ਨੇ ਇਸ ਨੂੰ ਜਾਰੀ ਨਹੀਂ ਹੋਣ ਦਿੱਤਾ। ਹਾਲਾਂਕਿ ਅਮਰੀਕੀ ਦੂਤਘਰ ਵੱਲੋਂ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਆਈ ਹੈ। ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਦਲੀਲ ਦਿੱਤੀ ਕਿ ਅਮਰੀਕਾ ਕੂਟਨੀਤਕ ਚੈਨਲਾਂ ਰਾਹੀਂ ਇਸ ਸੰਘਰਸ਼ ਨੂੰ ਖਤਮ ਕਰਨ ਲਈ ਅਣਥੱਕ ਯਤਨ ਕਰ ਰਿਹਾ ਹੈ।

PunjabKesari

ਅਮਰੀਕੀ ਪ੍ਰਤੀਨਿਧੀ ਹੈਦੀ ਆਮਰ ਸ਼ੁੱਕਰਵਾਰ ਨੂੰ ਤੇਲ ਅਵੀਵ ਪਹੁੰਚੇ ਤੇ ਸੀਜ਼ਫਾਇਰ ਕਰਵਾਉਣ ਲਈ ਇਜ਼ਰਾਈਲ-ਫਿਲਸਤੀਨੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਅਮਰੀਕੀ ਰਾਜਦੂਤ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਫਿਲਸਤੀਨ ਕੱਟੜਪੰਥੀ ਸੰਗਠਨ ਹਮਾਸ ਇਜ਼ਰਾਈਲ ’ਤੇ ਰਾਕੇਟ ਦਾਗਣਾ ਜਲਦ ਬੰਦ ਕਰੇ, ਹਾਲਾਂਕਿ ਉਨ੍ਹਾਂ ਨੇ ਇਜ਼ਰਾਈਲ ਦੇ ਆਤਮ ਰੱਖਿਆ ਦੇ ਅਧਿਕਾਰ ’ਤੇ ਜ਼ੋਰ ਨਹੀਂ ਦਿੱਤਾ, ਜਿਸ ਦਾ ਜ਼ਿਕਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਲੈ ਕੇ ਹੋਰ ਸੀਨੀਅਰ ਅਮਰੀਕੀ ਅਧਿਕਾਰੀਆਂ ਦੇ ਬਿਆਨਾਂ ’ਚ ਲਗਾਤਾਰ ਹੋ ਰਿਹਾ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਟੜਪੰਥੀ ਸੰਗਠਨ ਹਮਾਸ ਦੇ ਹਮਲੇ ਦੇ ਜਵਾਬ ’ਚ ਇਜ਼ਰਾਈਲ ਨੂੰ ਆਪਣੀ ਸੁਰੱਖਿਆ ਕਰਨ ਦਾ ਪੂਰਾ ਹੱਕ ਹੈ। 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਵਿਚੋਂ 14 ਦੇਸ਼ਾਂ ਨੇ ਇਜ਼ਰਾਈਲ-ਗਾਜ਼ਾ ’ਚ ਹੋ ਰਹੀ ਹਿੰਸਾ ਨੂੰ ਲੈ ਕੇ ਸਾਂਝਾ ਬਿਆਨ ਜਾਰੀ ਕਰਨ ਦੀ ਮੰਗ ਕੀਤੀ, ਹਾਲਾਂਕਿ ਪ੍ਰੀਸ਼ਦ ’ਚ ਕਿਸੇ ਵੀ ਬਿਆਨ ਨੂੰ ਜਾਰੀ ਕਰਨ ਲਈ ਸਾਰੇ ਦੇਸ਼ਾਂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਪਰ ਕੋਈ ਇਕ ਦੇਸ਼ ਵੀ ਵਿਰੋਧ ਕਰਦਾ ਹੈ ਤਾਂ ਕਿਸੇ ਵੀ ਮਾਮਲੇ ’ਤੇ ਬਿਆਨ ਜਾਰੀ ਨਹੀਂ ਕੀਤਾ ਜਾ ਸਕਦਾ। ਇਸੇ ਤਾਕਤ ਦੀ ਵਰਤੋਂ ਕਰਦੇ ਹੋਏ ਅਮਰੀਕਾ ਨੇ ਇਜ਼ਰਾਈਲ-ਫਿਲਸਤੀਨ ਮੁੱਦੇ ’ਤੇ ਬਿਆਨ ਜਾਰੀ ਨਹੀਂ ਹੋਣ ਦਿੱਤਾ।

PunjabKesari

ਅਮਰੀਕਾ ਨੇ ਦਲੀਲ ਦਿੱਤੀ ਕਿ ਉਹ ਆਪਣੇ ਤੌਰ ’ਤੇ ਯਤਨ ਕਰ ਰਿਹਾ ਹੈ ਤੇ ਉਸ ਨੂੰ ਥੋੜ੍ਹਾ ਸਮਾਂ ਹੋਰ ਚਾਹੀਦਾ ਹੈ। ਸੁਰੱਖਿਆ ਪ੍ਰੀਸ਼ਦ ਵੱਲੋਂ ਸਾਂਝਾ ਬਿਆਨ ਜਾਰੀ ਹੋਣਾ ਸੀ, ਜਿਸ ’ਚ ਤਤਕਾਲ ਸੀਜ਼ਫਾਇਰ ਦੀ ਮੰਗ ਅਤੇ ਦੋਵਾਂ ਪੱਖਾਂ ਵੱਲੋਂ ਹੋ ਰਹੀ ਹਿੰਸਾ ਦੀ ਨਿੰਦਾ ਕੀਤੀ ਗਈ ਸੀ। ਦੱਸ ਦੇਈਏ ਕਿ ਇਜ਼ਰਾਈਲ-ਫਿਲਸਤੀਨ ਵਿਚਾਲੇ ਚੱਲ ਰਹੇ ਮੌਜੂਦਾ ਸੰਘਰਸ਼ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ ਬੰਦ ਕਮਰੇ ’ਚ ਦੋ ਬੈਠਕਾਂ ਕਰ ਚੁੱਕੇ ਹਨ। ਐਤਵਾਰ ਨੂੰ ਪ੍ਰੀਸ਼ਦ ਦੀ ਤੀਜੀ ਬੈਠਕ ਹੋਈ ਪਰ ਇਸ ਵਿਚ ਕੋਈ ਬਿਆਨ ਜਾਰੀ ਨਹੀਂ ਹੋਇਆ। ਰਿਪੋਰਟ ਮੁਤਾਬਕ ਪਿਛਲੇ ਹਫਤੇ ਜਦੋਂ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਨੈ ਐਤਵਾਰ ਨੂੰ ਬੈਠਕ ਬੁਲਾਉਣੀ ਚਾਹੀ ਤਾਂ ਅਮਰੀਕਾ ਨੇ ਇਸ ਦਾ ਵਿਰੋਧ ਕੀਤਾ। ਅਮਰੀਕਾ ਨੇ ਕਿਹਾ ਕਿ ਉਹ ਮੰਗਲਵਾਰ ਤਕ ਉਡੀਕ ਕਰਨ ਪਸੰਦ ਕਰੇਗਾ, ਹਾਲਾਂਕਿ ਜਦੋਂ ਕਈ ਦੇਸ਼ਾਂ ਵੱਲੋਂ ਬੈਠਕ ਬੁਲਾਉਣ ਦਾ ਦਬਾਅ ਵਧਣ ਲੱਗਾ ਤਾਂ ਅਮਰੀਕਾ ਨੇ ਹਾਮੀ ਭਰ ਦਿੱਤੀ। ਐਤਵਾਰ ਨੂੰ ਹੋਈ ਬੈਠਕ ਤੋਂ ਬਾਅਦ ਅਮਰੀਕੀ ਮਿਸ਼ਨ ਦੇ ਇਕ ਅਧਿਕਾਰੀ ਤੋਂ ਜਦ ਪੁੱਛਿਆ ਗਿਆ ਕਿ ਕੀ ਅਮਰੀਕਾ ਸਾਂਝਾ ਬਿਆਨ ਜਾਰੀ ਕਰਨ ਦਾ ਸਮਰਥਨ ਕਰੇਗਾ ਤਾਂ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਜ਼ੋਰ ਕੂਟਨੀਤਕ ਯਤਨਾਂ ’ਤੇ ਜ਼ਿਆਦਾ ਹੈ।

PunjabKesari

ਇਜ਼ਰਾਈਲ ਦਾ ਬਚਾਅ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਚੀਨ ਵੀ ਅਮਰੀਕਾ ਨੂੰ ਲਗਾਤਾਰ ਨਿਸ਼ਾਨੇ ’ਤੇ ਲੈ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸੁਰੱਖਿਆ ਪ੍ਰੀਸ਼ਦ ਨੂੰ ਦੋ ਵਾਰ ਸਾਂਝਾ ਬਿਆਨ ਜਾਰੀ ਕਰਨ ਤੋਂ ਰੋਕਣ ਨੂੰ ਲੈ ਕੇ ਅਮਰੀਕਾ ਦੀ ਆਲੋਚਨਾ ਕੀਤੀ। ਵਾਂਗ ਨੇ ਕਿਹਾ ਕਿ ਚੀਨ ਲਗਾਤਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਬਿਆਨ ਜਾਰੀ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਇਕ ਦੇਸ਼ ਕਾਰਨ ਅਸੀਂ ਸਾਰੇ ਮਿਲ ਕੇ ਆਵਾਜ਼ ਨਹੀਂ ਉਠਾ ਰਹੇ।


Manoj

Content Editor

Related News