ਯੂ. ਕੇ. ਨੇ ਯੂਕ੍ਰੇਨ ਨੂੰ ਭੇਜੀਆਂ ਦਵਾਈਆਂ ਦੀਆਂ ਲੱਖਾਂ ਖੁਰਾਕਾਂ
Tuesday, Mar 22, 2022 - 05:17 PM (IST)
![ਯੂ. ਕੇ. ਨੇ ਯੂਕ੍ਰੇਨ ਨੂੰ ਭੇਜੀਆਂ ਦਵਾਈਆਂ ਦੀਆਂ ਲੱਖਾਂ ਖੁਰਾਕਾਂ](https://static.jagbani.com/multimedia/2022_3image_17_17_198572782ukrainestudentss.jpg)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਯੂ. ਕੇ. ਵੱਲੋਂ ਯੁੱਧ ਪ੍ਰਭਾਵਿਤ ਦੇਸ਼ ਯੂਕ੍ਰੇਨ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਜਿਸ ਦੀ ਲੜੀ ਤਹਿਤ ਇਕ ਉਡਾਣ ਸੋਮਵਾਰ ਨੂੰ 100,000 ਦਵਾਈਆਂ ਦੇ ਪੈਕ ਲੈ ਕੇ ਯੂ.ਕੇ. ਤੋਂ ਰਵਾਨਾ ਹੋਈ। ਰੂਸੀ ਹਮਲੇ ’ਚ ਜ਼ਖ਼ਮੀ ਹੋਏ ਲੋਕਾਂ ਦੀ ਮਦਦ ਲਈ ਯੂਕ੍ਰੇਨ ਨੂੰ ਭੇਜੀਆਂ ਜਾਣ ਵਾਲੀਆਂ ਦਵਾਈਆਂ ਦੀਆਂ 10 ਲੱਖ ਤੋਂ ਵੱਧ ਖੁਰਾਕਾਂ ਨਵੀ ਮੈਡੀਕਲ ਸਹਾਇਤਾ ’ਚੋਂ ਇਕ ਹਨ। ਇਸ ਯੁੱਧ ਪ੍ਰਭਾਵਿਤ ਦੇਸ਼ ਲਈ ਇਕ 11ਵੀਂ ਉਡਾਣ ਸੋਮਵਾਰ ਨੂੰ ਯੂ.ਕੇ. ਤੋਂ ਰਵਾਨਾ ਹੋਈ, ਜਿਸ ’ਚ ਹਮਲਿਆਂ ਵਿਚ ਫਸੇ ਲੋਕਾਂ ਲਈ ਦਰਦ ਨਿਵਾਰਕ ਦਵਾਈਆਂ ਸਮੇਤ 100,000 ਤੋਂ ਵੱਧ ਦਵਾਈਆਂ ਦੇ ਪੈਕ ਸ਼ਾਮਲ ਸਨ। ਇਹ ਸ਼ਿਪਮੈਂਟ ਲੱਗਭਗ 120,000 ਪੈਕ ਲਿਜਾ ਰਹੀ ਹੈ । ਯੂ.ਕੇ. ਸਰਕਾਰ ਨੇ ਕਿਹਾ ਕਿ ਇਸ ਹਮਲੇ ਲਈ ਯੂ.ਕੇ. ਦੇ ਵਿਆਪਕ ਮਾਨਵਤਾਵਾਦੀ ਪ੍ਰਤੀਕਿਰਿਆ ਦੇ ਹਿੱਸੇ ਵਜੋਂ 3.7 ਮਿਲੀਅਨ ਮੈਡੀਕਲ ਵਸਤੂਆਂ ਹੁਣ ਤੱਕ ਯੂਕ੍ਰੇਨ ਨੂੰ ਦਾਨ ਕੀਤੀਆਂ ਗਈਆਂ ਹਨ।
ਹੁਣ ਤੱਕ ਭੇਜੀਆਂ ਗਈਆਂ ਵਸਤਾਂ ’ਚ ਲਗਭਗ 3000 ਬਾਲਗ਼ ਰੀਸੂਸੀਟੇਟਰ, 32,000 ਤੋਂ ਵੱਧ ਪੱਟੀਆਂ ਦੇ ਪੈਕ, ਵੈਂਟੀਲੇਟਰਾਂ ਲਈ 1600 ਉਪਕਰਣ ਅਤੇ ਦਸਤਾਨਿਆਂ ਦੇ 72,000 ਪੈਕ ਸ਼ਾਮਲ ਹਨ। ਸਿਹਤ ਸਕੱਤਰ ਸਾਜਿਦ ਜਾਵਿਦ ਅਨੁਸਾਰ ਯੂ.ਕੇ. ਨੇ ਯੂਕ੍ਰੇਨ ਨੂੰ ਜੀਵਨ ਬਚਾਉਣ ਵਾਲੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਹੈ ।