ਬ੍ਰਿਸਬੇਨ 'ਚ ਭਾਰਤੀ ਸਾਹਿਤ ਉਤਸਵ ਹੋਇਆ ਸੰਪੰਨ, ਪੰਜਾਬ ਦੀਆਂ ਦਰਪੇਸ਼ ਚੁਣੌਤੀਆਂ 'ਤੇ ਹੋਈ ਚਰਚਾ

04/14/2023 12:13:55 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟ੍ਰੇਲੀਆ ਵੱਲੋਂ ਆਪਣਾ ਸਾਲਾਨਾ ਸਾਹਿਤਕ ਸਮਾਗਮ ਬੀਤੇ ਦਿਨੀਂ 10-11 ਅਤੇ 12 ਅਪ੍ਰੈਲ ਨੂੰ ਅਲੱਗ ਅਲੱਗ ਸ਼ੈਸਨਾਂ ਦੇ ਰੂਪ ਵਿਚ ਆਯੋਜਿਤ ਕੀਤਾ ਗਿਆ। ਇਪਸਾ ਭਾਰਤੀ ਸਾਹਿਤ ਉਤਸਵ ਦਾ ਪਹਿਲਾ ਦਿਨ ਜੋ ਕਿ ਪੰਜਾਬ ਸੰਗੋਸ਼ਠੀ ਅਤੇ ਭਾਰਤੀ ਸਮਰੂਪਤਾ ਭੋਜ ਦੇ ਰੂਪ ਵਿਚ ਸਥਾਨਿਕ ਅਮਰੀਕਨ ਕਾਲਜ ਦੇ ਬੋਰਡ ਰੂਮ ਵਿਚ ਬਰਨਾਰਡ ਮਲਿਕ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਵਿਚ ਸਾਹਿਤਕ ਅਤੇ ਮੀਡੀਆ ਹਸਤੀਆਂ ਵੱਲੋਂ ਪੰਜਾਬ ਸੰਕਟ, ਰਾਜਨੀਤਕ ਕਸ਼ਮਕਸ਼, ਵੱਖਵਾਦੀ ਵਿਚਾਰਧਾਰਾ ਅਤੇ ਮੀਡੀਆ ਦੀ ਭੂਮਿਕਾ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਇਸ ਸਿੰਪੋਜ਼ੀਅਮ ਵਿਚ ਪੰਜਾਬੀ ਚਿੰਤਕ ਜਸਵੰਤ ਸਿੰਘ ਜ਼ਫ਼ਰ, ਮੀਡੀਆ ਪ੍ਰਤੀਨਿਧ ਰਮਨਦੀਪ ਸਿੰਘ ਸੋਢੀ, ਪਰਮਵੀਰ ਸਿੰਘ ਬਾਠ, ਮਿਸਜ਼ ਗਿੰਨੀ ਸੰਧੂ, ਹਰਪ੍ਰੀਤ ਸਿੰਘ ਕੋਹਲੀ, ਗੀਤਕਾਰ ਸੁਰਜੀਤ ਸੰਧੂ, ਗੁਰਦੀਪ ਸਿੰਘ ਜਗੇੜਾ, ਸਰਬਜੀਤ ਸੋਹੀ, ਹਰਜਿੰਦ ਕੌਰ ਮਾਂਗਟ, ਐਡਵੋਕੇਟ ਗੁਰਪ੍ਰੀਤ ਸਿੰਘ ਬੱਲ ਆਦਿ ਨੇ ਸ਼ਿਰਕਤ ਕੀਤੀ। 

PunjabKesari

ਭਾਰਤੀ ਸਾਹਿਤ ਉਤਸਵ ਦਾ ਦੂਸਰਾ ਦਿਨ ਬਾਹਰੀ ਕਵੀ ਦਰਬਾਰ ਵਜੋਂ ਬ੍ਰਿਸਬੇਨ ਤੋਂ ਦੂਰ ਕੁਦਰਤ ਦੀ ਗੋਦ ਵਿਚ ਪੈਂਦੇ ‘ਓਰਾਈਲੀ ਜੰਗਲ’ ਨਾਂ ਦੇ ਪਿਕਨਿਕ ਸਥਾਨ 'ਤੇ ਮਨਾਇਆ ਗਿਆ। ਰੰਗ-ਬਿਰੰਗੇ ਪੰਛੀਆਂ ਦਾ ਕਵੀਆਂ ਅਤੇ ਸਰੋਤਿਆਂ ਦੇ ਮੋਢਿਆਂ ਤੇ ਬਹਿ ਜਾਣਾ ਅਤੇ ਬਲਦੀ ਹੋਈ ਅੱਗ ਦੁਆਲੇ ਗੀਤਾਂ, ਗਜ਼ਲਾਂ ਅਤੇ ਕਵਿਤਾਵਾਂ ਦਾ ਦੌਰ ਸ਼ਬਦਾਂ ਰਾਹੀਂ ਬਿਆਨ ਕਰਨਾ ਕਠਿਨ ਹੈ। ਇਸ ਵਿਚ ਮੁੱਖ ਮਹਿਮਾਨ ਜਸਵੰਤ ਸਿੰਘ ਜ਼ਫ਼ਰ ਦੇ ਨਾਲ ਡਾ ਦਵਿੰਦਰ ਜੀਤਲਾ, ਪਾਲ ਰਾਊਕੇ, ਸੁਰਜੀਤ ਸੰਧੂ, ਸਰਬਜੀਤ ਸੋਹੀ, ਹਰਕੀ ਵਿਰਕ, ਗੁਰਜਿੰਦਰ ਸੰਧੂ, ਪੁਸ਼ਪਿੰਦਰ ਤੂਰ, ਹਰਜੀਤ ਕੌਰ ਸੰਧੂ, ਰੁਪਿੰਦਰ ਸੋਜ਼, ਇਕਬਾਲ ਧਾਮੀ, ਮੀਤ ਧਾਲੀਵਾਲ ਅਤੇ ਸੁਖਨੈਬ ਸਿੰਘ ਆਦਿ ਕਵੀ, ਗੀਤਕਾਰ ਅਤੇ ਫ਼ਨਕਾਰ ਸ਼ਾਮਿਲ ਹੋਏ ਸਨ। ਬਿਕਰਮਜੀਤ ਸਿੰਘ ਚੰਦੀ, ਨਵਪ੍ਰੀਤ ਕੌਰ, ਕੁਲਵਿੰਦਰ ਭਟੋਆ ਅਤੇ ਅੰਕੁਰ ਪਾਤਰ ਆਦਿ ਅਦਬੀ ਸੰਗਤ ਵਜੋਂ ਇਸ ਖ਼ੂਬਸੂਰਤ ਕਾਫ਼ਲੇ ਦਾ ਹਿੱਸਾ ਬਣੇ ਸਨ। 

PunjabKesari

ਇਸ ਸਾਹਿਤ ਉਤਸਵ ਦਾ ਤੀਸਰਾ ਦਿਨ ਇਕ ਸਨਮਾਨ ਸਮਾਰੋਹ ਅਤੇ ਤ੍ਰੈ-ਭਾਸ਼ਾਈ ਕਵੀ ਦਰਬਾਰ ਵਜੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਇਪਸਾ ਦੀ ਕੋਰ ਕਮੇਟੀ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਭੰਗੂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਸ ਉਪਰੰਤ ਤ੍ਰੈ-ਭਾਸ਼ਾਈ ਕਵੀ ਦਰਬਾਰ ਦਾ ਰੁਪਿੰਦਰ ਸੋਜ਼ ਵੱਲੋਂ ਸਟੇਜ ਸੰਚਾਲਨ ਕੀਤਾ ਗਿਆ। ਇਸ ਕਵੀ ਸੰਮੇਲਨ ਵਿਚ ਡਾ ਦਵਿੰਦਰ ਜੀਤਲਾ ਨੇ ਪੰਜਾਬੀ, ਕਵਿਤਾ ਚਾਂਦਵਾਨੀ ਨੇ ਹਿੰਦੀ ਅਤੇ ਹਾਫਿਜ਼ ਸੁਹੇਲ ਰਾਣਾ ਨੇ ਊਰਦੂ ਵਿਚ ਬਹੁਤ ਹੀ ਖੂਬਸਰਤ ਰਚਨਾਵਾਂ ਸਰੋਤਿਆਂ ਦੀ ਨਜ਼ਰ ਕਰਦਿਆਂ ਮਹਿਫ਼ਲ ਹੁਸੀਨ ਬਣਾ ਦਿੱਤੀ। ਡਾਕਟਰ ਜੀਤਲਾ ਨੇ ਇਪਸਾ ਦੇ ਕਾਰਜਾਂ ਦੀ ਤਾਰੀਫ਼ ਕਰਦਿਆਂ ਇਸ ਨੂੰ ਭਾਰਤੀ ਡਾਇਸਪੋਰਾ ਲਈ ਬਹੁਤ ਵੱਡੇ ਅਰਥਾਂ ਵਾਲੀਆਂ ਕੋਸ਼ਿਸ਼ਾਂ ਕਿਹਾ। ਕਵਿਤਾ ਚਾਂਦਵਾਨੀ ਨੇ ਆਪਣੇ ਬਚਪਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਣ ਲਈ ਸਿੱਖੀ ਗੁਰਮੁਖੀ ਲਿਪੀ ਦਾ ਹਵਾਲਾ ਅਤੇ ਬਾਣੀ ਪ੍ਰਤੀ ਸ਼ਰਧਾ ਬਾਰੇ ਵਾਰਤਾ ਸੁਣਾਉਂਦਿਆਂ ਮਾਹੌਲ ਭਾਵੁਕ ਕਰ ਦਿੱਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਰਾਜ 'ਚ 1993 ਤੋਂ ਬਾਅਦ ਟੈਟਨਸ ਨਾਲ ਪਹਿਲੀ ਮੌਤ ਦੀ ਪੁਸ਼ਟੀ

ਹਾਫਿਜ਼ ਸੁਹੇਲ ਰਾਣਾ ਨੇ ਉਰਦੂ ਵਿਚ ਤਾਂ ਕਲਾਮ ਪੜਿਆ ਹੀ, ਇਕ ਗ਼ਜ਼ਲ ਪੰਜਾਬੀ ਵਿਚ ਵੀ ਪੜ੍ਹਦਿਆਂ ਸਾਂਝੇ ਪੰਜਾਬ ਲਈ ਮੁਹੱਬਤ ਭਰਿਆ ਸੰਦੇਸ਼ ਦਿੱਤਾ। ਇਸ ਸਮਾਗਮ ਦੇ ਅੰਤਿਮ ਸ਼ੈਸ਼ਨ ਵਿਚ ਸਰਬਜੀਤ ਸੋਹੀ ਨੇ ਬਹੁਤ ਹੀ ਸਟੀਕ ਸ਼ਬਦਾਂ ਵਿਚ ਜਸਵੰਤ ਜ਼ਫ਼ਰ ਦਾ ਤੁਆਰਫ਼ ਕਰਵਾਉਂਦਿਆਂ ਜਦੋਂ ਉਹਨਾਂ ਨੂੰ ਸਟੇਜ 'ਤੇ ਬੁਲਾਇਆ ਗਿਆ ਤਾਂ ਤਾੜੀਆਂ ਦੀ ਗੂੰਜ ਵਿਚ ਜ਼ਫ਼ਰ ਸਾਬ ਨੇ ਆਪਣੀ ਆਸਟ੍ਰੇਲੀਆ ਫੇਰੀ ਅਤੇ ਬ੍ਰਿਸਬੇਨ ਦੀ ਅਦਬੀ ਸੰਗਤ ਦਾ ਬਹੁਤ ਧੰਨਵਾਦ ਕੀਤਾ। ਜਸਵੰਤ ਜ਼ਫ਼ਰ ਨੇ ਇਕ ਤੋਂ ਬਾਅਦ ਇਕ ਖੂਬਸੂਰਤ ਨਜ਼ਮ ਖੂਬਸੂਰਤ ਅੰਦਾਜ਼ ਵਿਚ ਪੇਸ਼ ਕਰਦਿਆਂ ਜਿੱਥੇ ਸਰੋਤਿਆਂ ਨੂੰ ਕੀਲ ਲਿਆ, ਉੱਥੇ ਸਿੱਖ ਇਤਿਹਾਸ ਅਤੇ ਵਿਰਸੇ ਵਿੱਚੋਂ ਲਈਆਂ ਘਟਨਾਵਾਂ ਅਤੇ ਹਵਾਲਿਆਂ ਨੂੰ ਗੁਰਬਾਣੀ ਦੀਆਂ ਤੁਕਾਂ ਨਾਲ ਪੇਸ਼ ਕਰਦਿਆਂ ਅਤੇ ਪੁਨਰ ਪ੍ਰਸੰਗ ਬਣਾਉਂਦਿਆਂ ਬਾਖੂਬੀ ਨਾਲ ਪੇਸ਼ ਕੀਤਾ। ਆਪਣੀ ਕਟਾਖਸ਼ ਭਰੀ ਸ਼ੈਲੀ ਨਾਲ ਜਸਵੰਤ ਜ਼ਫ਼ਰ ਨੇ ਸਰੋਤਿਆਂ ਲਈ ਪੱਲੇ ਬੰਨ ਕੇ ਲੈ ਜਾਣ ਵਾਲੀਆਂ ਸਚਾਈਆਂ ਨੂੰ ਬਹੁਤ ਸਾਧਾਰਨ ਸ਼ਬਦਾਂ ਵਿਚ ਕਹਿਣਾ ਬਹੁਤ ਹੀ ਵਧੀਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਇਸ ਦੇਸ਼ 'ਚ ਯਾਦਗਾਰਾਂ ਤੇ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਲੱਗੇਗਾ ਭਾਰੀ ਜੁਰਮਾਨਾ, ਬਣਨ ਜਾ ਰਿਹੈ ਕਾਨੂੰਨ

ਇਪਸਾ ਵੱਲੋਂ ਉਹਨਾਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਲਿਖਤਾਂ ਲਈ ਸਤਵਾਂ ਇਪਸਾ ਪੁਰਸਕਾਰ ਦਿੰਦਿਆਂ ਇਸ ਨੂੰ ਪੁਰਸਕਾਰ ਦਾ ਮਾਣ ਹੋਰ ਉੱਚਾ ਹੋਣ ਗੱਲ ਕਹੀ ਗਈ। ਇਸ ਸ਼ੈਸ਼ਨ ਦੀ ਸਟੇਜ ਸੈਕਟਰੀ ਵਜੋਂ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਬੀਰ ਸਿੰਘ ਸਰਾਏ, ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਬਿਕਰਮਜੀਤ ਸਿੰਘ ਚੰਦੀ, ਮਹਿੰਦਰਪਾਲ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ ਚੀਮਾ, ਗੀਤਕਾਰ ਸੁਰਜੀਤ ਸਿੰਘ ਸੰਧੂ, ਦੀਪਇੰਦਰ ਸਿੰਘ, ਅਰਸ਼ਦੀਪ ਸਿੰਘ ਦਿਓਲ, ਅਜੈਬ ਸਿੰਘ ਵਿਰਕ, ਜਗਦੀਪ ਸਿੰਘ ਗਿੱਲ, ਗੁਰਵਿੰਦਰ ਸਿੰਘ ਖੱਟੜਾ, ਚੇਤਨਾ ਗਿੱਲ, ਗੁਰਜਿੰਦਰ ਸੰਧੂ, ਅੰਕੁਰ ਪਾਤਰ, ਗਾਇਕ ਮੀਤ ਧਾਲੀਵਾਲ, ਗੁਰਦੀਪ ਜਗੇੜਾ, ਮਲਵਿੰਦਰ ਸਿੰਘ, ਸ਼ਾਇਰਾ ਹਰਕੀ ਵਿਰਕ, ਬਾਲ ਸਾਹਿਤਕਾਰ ਹਰਜੀਤ ਕੌਰ ਸੰਧੂ, ਰਜੇਸ਼ ਜਲੋਟਾ, ਸਿੱਖ ਚਿੰਤਕ ਗੁਰਜੀਤ ਸਿੰਘ ਬੈਂਸ, ਗਾਇਕ ਹੈਪੀ ਚਾਹਲ, ਜਸਪਾਲ ਸੰਘੇੜਾ, ਸੁਖਮੰਦਰ ਸਿੰਘ ਸੰਧੂ ਆਦਿ ਪਤਵੰਤੇ ਸੱਜਣ ਅਤੇ ਮੋਹਤਬਰ ਹਸਤੀਆਂ ਹਾਜ਼ਰ ਸਨ।

ਨੋਟ- ਇਸ ਖ਼ਬਰ  ਬਾਰੇ ਕੁਮੈਂਟ ਕਰ ਦਿਓ ਰਾਏ।
 

 


Vandana

Content Editor

Related News