''ਨਾਫਟਾ'' ''ਤੇ ਮੈਕਸੀਕੋ, ਕੈਨੇਡਾ ਤੇ ਅਮਰੀਕਾ ਵਿਚਕਾਰ ਤੀਜੇ ਦੌਰ ਦੀ ਗੱਲਬਾਤ ਸ਼ੁਰੂ

09/24/2017 7:00:45 PM

ਓਟਾਵਾ— ਮੈਕਸੀਕੋ, ਕੈਨੇਡਾ ਤੇ ਅਮਰੀਕਾ ਦੇ ਪ੍ਰਤੀਨਿਧੀਆਂ ਨੇ ਇਥੇ ਉੱਤਰ ਅਮਰੀਕੀ ਮੁਕਤ ਵਪਾਰ ਸਮਝੋਤਾ (ਨਾਫਟਾ) ਦੇ ਤੀਜੇ ਦੌਰ 'ਚ ਗੱਲਬਾਤ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਮੁਤਾਬਕ ਕੈਨੇਡਾ ਦੇ ਮੁੱਖ ਵਾਰਤਾਕਾਰ ਸਟੀਵ ਵਰਹੁਏਲ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਇਸ ਗੱਲਬਾਤ 'ਚ ਆਟੋ ਮੋਬਾਈਲ ਦੇ ਸਬੰਧ 'ਚ ਅਮਰੀਕੀ ਜ਼ਰੂਰਤਾਂ ਦੇ ਵਧਣ ਨੂੰ ਲੈ ਕੇ ਅਮਰੀਕਾ ਦੇ ਕਿਸੇ ਨਵੇਂ ਪ੍ਰਸਤਾਵ ਦੀ ਉਮੀਦ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਆਟੋ ਦੇ ਉਤਪਾਦ ਨਿਯਮ ਚਰਚਾ ਦਾ ਇਕ ਵਿਸ਼ਾ ਹੋਵੇਗਾ ਪਰ ਅਸੀਂ ਇਸ ਮੋੜ 'ਤੇ ਮੌਲਿਕ ਰੂਪ 'ਚ ਕੁਝ ਨਵਾਂ ਦੇਖਣ ਦੀ ਉਮੀਦ ਨਹੀਂ ਕਰ ਰਹੇ। 
ਨਾਫਟਾ ਦੇ ਮੌਜੂਦਾ ਨਿਯਮ ਮੁਤਾਬਕ ਵਾਹਨਾਂ 'ਚ 62.5 ਫੀਸਦੀ ਉੱਤਰ ਅਮਰੀਕੀ ਸਮੱਗਰੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਸਮਝੋਤਾ ਅਮਰੀਕਾ-ਕੈਨੇਡਾ ਤੇ ਅਮਰੀਕਾ-ਮੈਕਸੀਕੋ ਦੇ ਵਿਚਕਾਰ ਆਸਾਨੀ ਨਾਲ ਚੱਲ ਸਕੇ। ਵਪਾਰ ਮਾਹਰਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਚਿੰਤਾ ਵਧ ਰਹੀ ਹੈ ਕਿ ਜੇਕਰ ਵਾਰਤਾਕਾਰਾਂ ਨੇ ਇਸ ਦੌਰ ਦੀ ਵਾਰਤਾ 'ਚ ਕੁਝ ਵਿਵਾਦਗ੍ਰਸਤ ਮੁੱਦਿਆਂ ਨੂੰ ਨਹੀਂ ਸੁਲਝਾਇਆ, ਜਿਨ੍ਹਾਂ 'ਚ ਆਟੋ ਸਮੱਗਰੀ ਦੇ ਉਤਪਾਦ ਨਿਯਮ ਵੀ ਸ਼ਾਮਲ ਹਨ ਤਾਂ ਨਾਫਟਾ ਦੇ ਲਾਗੂ ਹੋਣ ਲਈ ਇਸ ਸਾਲ ਦੇ ਅਖੀਰ ਤੱਕ ਦੀ ਸਮਾਂ-ਸੀਮਾਂ ਨਾਮੁਮਕਿਨ ਹੋਵੇਗੀ। 
ਵਾਸ਼ਿੰਗਟਨ 'ਚ ਪਿਛਲੇ ਮਹੀਨੇ ਹੋਈ ਪਹਿਲੇ ਦੌਰ ਦੀ ਵਾਰਤਾ 'ਚ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਥਾਈਜ਼ਰ ਨੇ ਕਿਹਾ ਸੀ ਕਿ ਉੱਤਰ ਅਮਰੀਕੀ ਸਮੱਗਰੀ ਜ਼ਰੂਰ ਵਧਾਈ ਜਾਣੀ ਚਾਹੀਦੀ ਹੈ ਤੇ ਸਮੱਗਰੀ ਦੀ ਪੁਸ਼ਟੀ ਦੇ ਨਾਲ ਵਿਸ਼ੇਸ਼ ਅਮਰੀਕੀ ਸਮੱਗਰੀ ਦੀ ਲੋੜ ਵੀ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ।


Related News