ਪਾਕਿ ''ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਮੈਦਾਨ ''ਚ ਆਉਣਗੀਆਂ ਇਹ ਟੀਮਾਂ
Wednesday, Mar 04, 2020 - 12:04 AM (IST)
ਇਸਲਾਮਾਬਾਦ - ਪਾਕਿਸਤਾਨ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੋਲੀਓ ਦੀਆਂ ਟੀਮਾਂ ਨੂੰ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਚੀਨ ਤੋਂ ਦੁਨੀਆ ਭਰ ਵਿਚ ਫੈਲਣ ਵਾਲੇ ਕੋਰੋਨਾਵਾਇਰਸ ਦੇ ਪਾਕਿਸਤਾਨ ਵਿਚ ਹੁਣ ਤੱਕ 4 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉਥੇ ਕਈ ਇਸ ਤੋਂ ਪ੍ਰਭਾਵਿਤ ਲੋਕ ਵੀ ਹਾਲ ਹੀ ਵਿਚ ਈਰਾਨ ਤੋਂ ਵਾਪਸ ਪਾਕਿਸਤਾਨ ਪਹੁੰਚੇ ਹਨ।
ਈਰਾਨ ਤੋਂ ਪਾਕਿਸਤਾਨ ਆਉਣ ਵਾਲੇ 800 ਜਾਇਰੀਨਾਂ ਨੂੰ ਤਾਫਤਾਨ ਬਾਰਡਰ 'ਤੇ ਪਾਕਿਸਤਾਨ ਹਾਊਸ ਵਿਚ ਰੱਖਿਆ ਗਿਆ ਹੈ। ਇਥੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਹੁਣ ਨੈਸ਼ਨਲ ਐਮਰਜੰਸੀ ਅਪਰੇਸ਼ਨ ਸੈਂਟਰ ਨੇ ਕੋਰੋਨਾਵਾਇਰਸ ਨਾਲ ਨਜਿਠਣ ਦੀ ਨਵੀਂ ਤਰਕੀਬ ਲੱਭ ਲਈ ਹੈ। ਇਸ ਦੇ ਤਹਿਤ ਕੋਰੋਨਾਵਾਇਰਸ ਦੀ ਬਰੀਕੀ ਨਾਲ ਜਾਂਚ ਅਤੇ ਪਛਾਣ ਲਈ ਪੋਲੀਓ ਸਰਵਿਲੈਂਸ ਟੀਮਾਂ ਨੂੰ ਮੈਦਾਨ ਵਿਚ ਲਿਆਉਣ ਦਾ ਫੈਸਲਾ ਲਿਆ ਗਿਆ ਹੈ।
ਨੈਸ਼ਨਲ ਐਮਰਜੰਸੀ ਅਪਰੇਸ਼ਨ ਸੈਂਟਰ ਵੱਲੋਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਵਿਚ ਆਖਿਆ ਗਿਆ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਚਾਰਾਂ ਸੂਬਿਆਂ ਅਤੇ ਗਿਲਗਿਤ-ਬਾਲਟੀਸਤਾਨ ਦੇ ਪੋਲੀਓ ਵਰਕਰਸ ਇਸ ਕੰਮ ਵਿਚ ਲਗਾਏ ਜਾਣਗੇ। ਇਸ ਦੇ ਲਈ ਇਨ੍ਹਾਂ ਵਰਕਰਾਂ ਦੀ ਟ੍ਰੇਨਿੰਗ ਵੀ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਚੀਨ ਤੋਂ ਇਲਾਵਾ ਅਮਰੀਕਾ ਅਤੇ ਈਰਾਨ ਸਮੇਤ ਦੁਨੀਆ ਦੇ ਕਈ ਦੇਸ਼ ਕੋਰੋਨਾਵਾਇਰਸ ਦੀ ਲਪੇਟ ਵਿਚ ਹਨ। ਪਾਕਿਸਤਾਨ ਵਿਚ ਵੀ ਇਸ ਦੇ ਕਈ ਮਾਮਲੇ ਸਾਹਮਣੇ ਆਏ ਹਨ।