ਇਹ ਵਿਦਿਆਰਥਣ ਅਫਰੀਕਾ ਗਈ ਸੀ ਘੁੰਮਣ ਪਰ ਗੋਦ ਲੈ ਆਈ 14 ਬੱਚੇ

10/26/2020 10:22:51 PM

ਡੋਡੋਮਾ - ਛੁੱਟੀਆਂ ਵਿਚ ਅਫਰੀਕਾ ਘੁੰਮਣ ਗਈ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਤੰਜ਼ਾਨੀਆ ਦੇ 14 ਅਨਾਥ ਬੱਚਿਆਂ ਨੂੰ ਜ਼ਿੰਦਗੀ ਬਦਲ ਦਿੱਤੀ। ਅੱਜ ਇਨ੍ਹਾਂ ਬੱਚਿਆਂ ਕੋਲ ਇਸ ਵਿਦਿਆਰਥਣ ਦੇ ਰੂਪ ਵਿਚ ਇਕ ਮਾਂ, ਇਕ ਵੱਡਾ ਪਰਿਵਾਰ ਅਤੇ ਚੰਗੀ ਸਿੱਖਿਆ ਹੈ। ਇਕ ਬ੍ਰਿਟਿਸ਼ ਅਖਬਾਰ ਦੀ ਰਿਪੋਰਟ ਮੁਤਾਬਕ 26 ਸਾਲਾ ਲੇਟੀ ਮੈਕਮਸਟਰ, ਜਦ 18 ਸਾਲ ਦੀ ਸੀ ਉਦੋਂ ਉਹ ਕਰੀਬ 1 ਮਹੀਨੇ ਦੇ ਸੈਰ-ਸਪਾਟੇ ਲਈ ਤੰਜ਼ਾਨੀਆ ਗਈ ਸੀ। ਉਸ ਦਾ ਇਰਾਦਾ ਉਥੋਂ ਦੇ ਇਕ ਯਤੀਮਖਾਨੇ ਵਿਚ ਕੁਝ ਦਿਨ ਸੋਸ਼ਲ ਸਰਵਿਸ ਕਰਨ ਦਾ ਸੀ।

ਬੱਚਿਆਂ ਦੀਆਂ ਪਰੇਸ਼ਾਨੀਆਂ ਨੂੰ ਦੇਖ ਤੰਜ਼ਾਨੀਆ ਨੂੰ ਬਣਾਇਆ ਘਰ
ਹਾਲਾਂਕਿ, ਜਦ ਉਹ ਉਥੇ ਅਨਾਥ ਬੱਚਿਆਂ ਨੂੰ ਮਿਲੀ, ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਿਆ ਤਾਂ ਉਹ ਕਰੀਬ 3 ਸਾਲਾਂ ਤੱਕ ਉਥੇ ਰੁੱਕ ਗਈ। ਬਾਅਦ ਵਿਚ ਜਦ ਯਤੀਮਖਾਨਾ ਬੰਦ ਹੋ ਗਿਆ, ਤਾਂ ਉਨ੍ਹਾਂ ਨੇ 9 ਅਨਾਥ ਬੱਚਿਆਂ ਨੂੰ ਗੋਦ ਲੈ ਲਿਆ, ਜਿਨ੍ਹਾਂ ਕੋਲ ਹੋਰ ਕੋਈ ਸਹਾਰਾ ਨਹੀਂ ਸੀ। 7 ਸਾਲ ਬਾਅਦ ਉਹ ਉਨ੍ਹਾਂ ਬੱਚਿਆਂ ਦੀ ਕਾਨੂੰਨੀ ਰੂਪ ਤੋਂ ਪਰਿਵਾਰਕ ਮੈਂਬਰ ਬਣ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਵਿਚਾਲੇ 5 ਹੋਰ ਬੱਚਿਆਂ ਨੂੰ ਗੋਦ ਲੈ ਲਿਆ, ਜੋ ਉਸ ਨੂੰ ਸੜਕ 'ਤੇ ਖਾਣਾ ਮੰਗਦੇ ਹੋਏ ਮਿਲੇ ਸਨ।

ਗਰੀਬ-ਬੇਸਹਾਰਾ ਬੱਚਿਆਂ ਦੀ ਕਰ ਰਹੀ ਮਦਦ
ਲੇਟੀ ਨੇ ਦੱਸਿਆ ਕਿ ਇਹ ਬੱਚੇ ਮੇਰੀ ਪੂਰੀ ਜ਼ਿੰਦਗੀ ਹਨ। ਮੈਂ ਇਨ੍ਹਾਂ ਸਾਰਿਆਂ ਨੂੰ ਆਪਣੇ ਦਮ 'ਤੇ ਪਾਲ ਰਹੀ ਹਾਂ। ਹੁਣ ਤਾਂ ਕਈ ਕੰਮਾਂ ਵਿਚ ਇਹ ਵੀ ਮੇਰੀ ਮਦਦ ਕਰਨ ਲੱਗੇ ਹਨ। ਉਨ੍ਹਾਂ ਦੱਸਿਆ ਕਿ ਮੈਂ ਹਮੇਸ਼ਾ ਤੋਂ ਗਰੀਬ ਬੇਸਹਾਰਾ ਬੱਚਿਆਂ ਦੀ ਮਦਦ ਕਰਨਾ ਚਾਹੁੰਦੀ ਸੀ। ਅਜਿਹੇ ਵਿਚ ਮੈਂ ਇਸ ਤਰ੍ਹਾਂ ਦਾ ਕਦਮ ਚੁੱਕਿਆ ਤਾਂ ਮੇਰੇ ਪਰਿਵਾਰ ਦੇ ਲੋਕਾਂ ਜਾਂ ਦੋਸਤਾਂ ਨੂੰ ਕੋਈ ਹੈਰਾਨੀ ਨਹੀਂ ਹੋਈ।

ਹੁਣ ਇਹ ਮੇਰਾ ਪਰਿਵਾਰ ਹੈ
ਲੇਟੀ ਨੇ ਦੱਸਿਆ ਕਿ ਮੈਨੂੰ ਘਰ ਵਿਚ ਇਕ ਦਮ ਮਾਂ ਵਾਲੀ ਫੀਲਿੰਗ ਆਉਂਦੀ ਹੈ। ਇਨ੍ਹਾਂ ਵਿਚੋਂ ਕਈ ਬੱਚੇ ਕਾਫੀ ਛੋਟੀ ਉਮਰ ਵਿਚ ਮੇਰੇ ਕੋਲ ਆ ਗਏ ਸਨ। ਅਜਿਹੇ ਵਿਚ ਉਹ ਮੈਨੂੰ ਹੀ ਆਪਣੀ ਮਾਂ ਦੇ ਤੌਰ 'ਤੇ ਦੇਖਦੇ ਹਨ। ਉਥੇ ਬਾਕੀ ਬੱਚੇ ਮੈਨੂੰ ਵੱਡੀ ਭੈਣ ਦੇ ਤੌਰ 'ਤੇ ਲੈਂਦੇ ਹਨ। ਇਨ੍ਹਾਂ ਵਿਚੋਂ ਕਈਆਂ ਦੀ ਉਮਰ ਤਾਂ ਮੇਰੇ ਤੋਂ ਕੁਝ ਹੀ ਸਾਲ ਛੋਟੀ ਹੈ। ਉਨ੍ਹਾਂ ਦੱਸਿਆ ਕਿ ਮੇਰੇ ਲਈ ਹੁਣ ਇਹ ਨਵਾਂ ਪਰਿਵਾਰ ਹੈ ਅਤੇ ਮੈਂ ਬਹੁਤ ਖੁਸ਼ ਹਾਂ।


Khushdeep Jassi

Content Editor

Related News