ਰਿਪੋਰਟ ’ਚ ਹੋਇਆ ਖੁਲਾਸਾ, ਪਾਕਿਸਤਾਨ ’ਚ ਵਧੇ ਘਰੇਲੂ ਹਿੰਸਾ ਦੇ ਮਾਮਲੇ

03/12/2022 3:55:19 PM

ਇਸਲਾਮਾਬਾਦ (ਵਾਰਤਾ)-ਇਕ ਰਿਪੋਰਟ ਮੁਤਾਬਕ ਪਾਕਿਸਤਾਨ ’ਚ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਹਿੰਸਾ ਦੇ ਮਾਮਲਿਆਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਇਆ ਹੈ ਪਰ ਮੀਡੀਆ ਵੱਲੋਂ ਸਿਰਫ਼ ਸੀਮਤ ਮਾਮਲਿਆਂ ਨੂੰ ਹੀ ਉਜਾਗਰ ਕੀਤਾ ਜਾ ਰਿਹਾ ਹੈ। ਸਸਟੇਨੇਬਲ ਸੋਸ਼ਲ ਡਿਵੈੱਲਪਮੈਂਟ ਆਰਗੇਨਾਈਜ਼ੇਸ਼ਨ (ਐੱਸ.ਐੱਸ.ਡੀ.ਓ.) ਵੱਲੋਂ ‘ਸਟੇਟ ਆਫ ਵਾਇਲੈਂਸ ਅਗੇਂਸਟ ਵੂਮੈਨ ਐਂਡ ਚਿਲਡ੍ਰਨ ਇਨ ਪਾਕਿਸਤਾਨ : ਡਿਸਟ੍ਰਿਕਟ ਵਾਈਜ਼ ਐਨਾਲਸਿਸ’ ਸਿਰਲੇਖ ਨਾਲ ਤਿਆਰ ਕੀਤੀ ਗਈ ਇਕ ਰਿਪੋਰਟ ਵੀਰਵਾਰ ਨੂੰ ਪ੍ਰਕਾਸ਼ਿਤ ਹੋਈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2021 ’ਚ ਦਰਜ ਕੀਤੇ ਗਏ 52,370 ਮਾਮਲਿਆਂ ’ਚੋਂ ਸਿਰਫ਼ 8,719 ਨੂੰ ਹੀ ਮੀਡੀਆ ਕਵਰੇਜ ਮਿਲੀ। ਅਖ਼ਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਇਨ੍ਹਾਂ ’ਚੋਂ ਤਕਰੀਬਨ 27,273 ਮਾਮਲੇ ਔਰਤਾਂ ਖ਼ਿਲਾਫ਼ ਹਿੰਸਾ ਨਾਲ ਸਬੰਧਤ ਹਨ। ਪੰਜਾਬ ਸੂਬੇ ’ਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ ਪਰ ਮੀਡੀਆ ਵੱਲੋਂ ਸਿਰਫ ਕੁਝ ਕੁ ਕੇਸਾਂ ਨੂੰ ਕਵਰ ਕੀਤਾ ਗਿਆ ਹੈ।

ਨੈਸ਼ਨਲ ਪ੍ਰੈੱਸ ਕਲੱਬ (ਐੱਨ.ਪੀ.ਸੀ.) ’ਚ ਲਾਂਚ ਦੇ ਸਮੇਂ ਇਹ ਖੁਲਾਸਾ ਹੋਇਆ ਕਿ ਦੋ-ਸਾਲਾਨਾ ਤੌਰ ’ਤੇ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਰਿਪੋਰਟ ਵਿਚ ਪਾਕਿਸਤਾਨ ਦੇ ਛੇ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਅਖ਼ਬਾਰਾਂ ਦੀ ਮੀਡੀਆ ਟਰੈਕਿੰਗ ਜ਼ਰੀਏ ਅੰਕੜੇ ਇਕੱਠੇ ਕੀਤੇ ਗਏ ਹਨ। ‘ਡਾਨ’ ਮੁਤਾਬਕ ਔਰਤਾਂ ਨੂੰ ਅਗਵਾ ਕਰਨ ਦੇ 18,390 ਮਾਮਲੇ ਸਾਹਮਣੇ ਆਏ ਸਨ ਪਰ ਮੀਡੀਆ ’ਚ ਇਨ੍ਹਾਂ ’ਚੋਂ ਸਿਰਫ 2,699 ਮਾਮਲੇ ਹੀ ਸਾਹਮਣੇ ਆਏ । ਇਸਲਾਮਾਬਾਦ ’ਚ ਅਗਵਾ ਦੇ 177 ਮਾਮਲੇ (ਔਰਤਾਂ ਦੇ) ਦਰਜ ਕੀਤੇ ਗਏ, ਜਦਕਿ ਮੀਡੀਆ ’ਚ ਸਿਰਫ਼ 68 ਮਾਮਲੇ ਦਰਜ ਕੀਤੇ ਗਏ।


Manoj

Content Editor

Related News