ਸਖ਼ਤ ਗਰਮੀ ਨੇ ਕੈਨੇਡੀਅਨਾਂ ਦੀ ਕਾਰਵਾਈ ਤੌਬਾ! ਬਹੁਗਿਣਤੀ ਕਾਮੇ ਕਰ ਗਏ ‘ਅੱਧੀ ਛੁੱਟੀ ਸਾਰੀ’

Thursday, Jul 11, 2024 - 11:33 AM (IST)

ਸਖ਼ਤ ਗਰਮੀ ਨੇ ਕੈਨੇਡੀਅਨਾਂ ਦੀ ਕਾਰਵਾਈ ਤੌਬਾ! ਬਹੁਗਿਣਤੀ ਕਾਮੇ ਕਰ ਗਏ ‘ਅੱਧੀ ਛੁੱਟੀ ਸਾਰੀ’

ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਦੇ ਕੁਝ ਚੋਣਵੇਂ ਸੂਬਿਆਂ ਨੂੰ ਛੱਡ ਕੇ ਬ੍ਰਿਟਿਸ਼ ਕੋਲੰਬੀਆਂ ਸੂਬੇ ’ਚ ਪਿਛਲੇ ਦੋ ਕੁ ਦਿਨਾਂ ਤੋਂ ਸੂਰਜ ਦੇਵਤਾ ਦੀ ‘ਆਪਾਰ ਕ੍ਰਿਪਾ’ ਸਦਕਾ ਪੈ ਰਹੀ ਲੋਹੜੇ ਦੀ ਗਰਮੀ ਦੇ ਪ੍ਰਕੋਪ ਨੇ ਇਕੇਰਾਂ ਤਾਂ ਬਹੁਗਿਣਤੀ ਕੈਨੇਡੀਅਨਾਂ ਦੀ ‘ਤੌਬਾ’ ਕਰਵਾ ਛੱਡੀ ਜਾਪਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਦੇ ਮਾਹਿਰਾਂ ਵੱਲੋਂ ਹਫ਼ਤਾ ਪਹਿਲਾਂ ਇਸਦੀ ਭਵਿੱਖਬਾਣੀ ਕਰਦਿਆਂ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਸੀ। ਭਾਵੇਂ ਕਿ ਗਰਮੀ ਦੇ ਵੱਧਣ ਦੇ ਪ੍ਰਕੋਪ ਦਾ ਸਿਲਸਿਲਾ ਪਿਛਲੇ ਹਫ਼ਤੇ ਤੋਂ ਹੀ ਆਰੰਭ ਹੋ ਗਿਆ ਸੀ, ਪ੍ਰੰਤੂ ਮੰਗਲਵਾਰ ਵਾਲੇ ਦਿਨ ਇੱਥੋਂ ਦਾ ਤਾਪਮਾਨ 33 ਸੈਲਸੀਅਸ ਦੇ ਸਿਖ਼ਰ ਨੂੰ ਛੂਹ ਜਾਣ ਕਾਰਨ ਵੈਨਕੂਵਰ, ਸਰੀ, ਰਿਚਮੰਡ, ਐਬਸਫੋਰਡ, ਚਿਲਾਵੈਕ ਅਤੇ ਲੈਡਨਰ ਸਮੇਤ ਕਈ ਹੋਰ ਸ਼ਹਿਰ ਭੱਠ ਵਾਂਗ ਤਪਦੇ ਮਹਿਸੂਸ ਹੋਏ। 

*ਠੇਕਿਆਂ ’ਤੇ ਬੀਅਰਾਂ ਦੇ ਸ਼ੌਕੀਨਾਂ ਦੀ ਗਿਣਤੀ ਵਧੀ

ਸਖ਼ਤ ਗਰਮੀ ਅਤੇ ਤਿੱਖੀ ਧੁੱਪ ਕਾਰਨ ਬਹੁਗਿਣਤੀ ਕਾਮੇ ‘ਅੱਧੀ ਛੁੱਟੀ ਸਾਰੀ’ ਕਰਕੇ ਦੁਪਿਹਰ ਸਮੇਂ ਹੀ ਘਰਾਂ ਨੂੰ ਪਰਤਦੇ ਨਜ਼ਰੀ ਆਏ। ਗਰਮੀ ਦਾ ਤਪਸ਼ ਤੋਂ ਆਰਜੀ ਰਾਹਤ ਪਾਉਣ ਲਈ ਘੁੰਮਣ-ਫਿਰਨ ਦੇ ਸ਼ੌਕੀਨਾਂ ਦੀਆਂ ਇੱਥੋਂ ਦੇ ਪ੍ਰਮੁੱਖ ਸਮੁੰਦਰੀ ਬੀਚਾਂ ਵਾਈਟ ਰੌਕ ਅਤੇ ਵਾਟਰ ਫ਼ਰੰਟ ਆਦਿ ’ਤੇ ਖੂਬ ਰੌਣਕਾਂ ਲੱਗੀਆਂ ਵੇਖੀਆਂ ਗਈਆਂ। ਇਸਦੇ ਨਾਲ-ਨਾਲ ਇੱਥੋਂ ਦੇ ਲੀਕੁਅਰ ਸਟੋਰਾਂ (ਸ਼ਰਾਬ ਦੇ ਠੇਕਿਆਂ) ’ਤੇ ਬੀਅਰਾਂ ਪੀਣ ਦੇ ਸ਼ੌਕੀਨ ਕੁਝ ਪਿਆਕੜਾਂ ਦੀਆਂ ਆਮ ਦਿਨਾਂ ਨਾਲ ਵੱਧ ਹਾਜ਼ਰੀ ਭਰਦੀ ਵੇਖੀ ਗਈ। ਵੈਨਕੂਵਰ ਅਤੇ ਸਰੀ ਦੇ ਕੁਝ ਸਟੋਰਾਂ ’ਤੇ ਪੱਖੇ ਅਤੇ ਏ. ਸੀ. ਖਰੀਦਣ ਵਾਲੇ ਗਾਹਕਾਂ ਦੀ ਗਿਣਤੀ ’ਚ ਇਕਦਮ ਵਾਧਾ ਹੋਣ ਦੀਆਂ ਵੀ ਸੂਚਨਾਵਾਂ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ :ਅਗਾਸੀਜ਼ ’ਚ ਵਾਪਰੇ ਸੜਕ ਹਾਦਸੇ ’ਚ ਤਿੰਨ ਮੌਤਾਂ ; ਮ੍ਰਿਤਕਾਂ ’ਚ ਬੱਚਾ ਵੀ ਸ਼ਾਮਿਲ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੈਨੇਡਾ ’ਚ ਪੈਣ ਵਾਲੀਆਂ ਸੂਰਜੀ ਕਿਰਨਾਂ ਨੂੰ ਪੰਜਾਬ ’ਚ ਪੈਦੀਆਂ ਸੂਰਜੀ ਕਿਰਨਾਂ ਦੇ ਮੁਕਾਬਲਤਨ ਵਧੇਰੇ ਖ਼ਤਰਨਾਕ ਮੰਨਿਆ ਜਾਂਦਾ ਹੈ। ਮੌਸਮ ਮਾਹਿਰਾਂ ਅਨੁਸਾਰ ਅਗਲੇ ਦਿਨਾਂ ’ਚ ਗਰਮੀ ਘੱਟ ਜਾਣ ਦੇ ਆਸਾਰ ਹਨ। ਬੁੱਧਵਾਰ ਸ਼ਾਮੀਂ ਬੀ. ਸੀ. ਹਾਈਡਰੋ (ਬਿਜਲੀ ਵਿਭਾਗ) ਦੇ ਸਿਸਟਮ ’ਚ ਅਚਾਨਕ ਪਏ ਤਕਨੀਕੀ ਨੁਕਸ ਨੇ ‘ਬਲਦੀ ’ਤੇ ਤੇਲ ਪਾਉਣ’ ਵਾਲੀ ਸਥਿਤੀ ਬਣਾ ਛੱਡੀ, ਜਿਸ ਕਾਰਨ ਪਹਿਲਾਂ ਹੀ ਗਰਮੀ ਤੋਂ ਅੱਕੇ ਅਤੇ ਫਿਰ ਬਿਜਲੀ ਬੰਦ ਦੀ ਪ੍ਰੇਸ਼ਾਨੀ ਝੱਲਣ ਲਈ ਮਜ਼ਬੂਰ ਬਹੁਗਿਣਤੀ ਲੋਕ ਆਪਣੇ ਘਰਾਂ ਦੇ ਬਾਹਰਵਾਰ ਦਰੱਖਤਾਂ ਦੇ ਛਾਵੇਂ ਗੱਤਿਆਂ ਦੀਆਂ ‘ਜੁਗਾੜੂ ਪੱਖੀਆਂ’ ਝੱਲਦਿਆਂ ਵੇਖ ਕੇ ਪੰਜਾਬ ਦੇ ਕਿਸੇ ਪਿੰਡ ਵਰਗਾ ਮਾਹੌਲ ਸਿਰਜਿਆ ਮਹਿਸੂਸ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News