ਸਾਬਕਾ ਪ੍ਰਧਾਨ ਮੰਤਰੀ ਦੀ ਧੀ ਨੇ ਕੀਤੀ ਪ੍ਰੋਵਿੰਸ਼ੀਅਲ ਚੋਣਾਂ ਲੱੜਣ ਦੀ ਪੁਸ਼ਟੀ
Tuesday, Feb 06, 2018 - 04:03 AM (IST)

ਟੋਰਾਂਟੋ - ਟੋਰਾਂਟੋ ਤੋਂ ਵਕੀਲ ਅਤੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦੀ ਧੀ ਕੈਰੋਲੀਨ ਮਲਰੋਨੀ ਨੇ ਲੰਮੇਂ ਸਮੇਂ ਤੋਂ ਚੱਲ ਰਹੀਆਂ ਚਰਚਾਵਾਂ 'ਤੇ ਵਿਰਾਮ ਲਾਉਂਦਿਆਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਆਗੂ ਬਣਨ ਲਈ ਲੀਡਰਸ਼ਿਪ ਦੌੜ 'ਚ ਸ਼ਾਮਲ ਹੈ।
ਮਲਰੋਨੀ ਨੇ ਉੱਤਰੀ ਟੋਰਾਂਟੋ 'ਚ ਐਤਵਾਰ ਦੁਪਹਿਰ ਨੂੰ ਦਿੱਤੀ ਇਕ ਇੰਟਰਵਿਊ 'ਚ ਇਸ ਦੀ ਪੁਸ਼ਟੀ ਕੀਤੀ ਕਿ ਇਹ ਖਬਰ ਸੱਚੀ ਹੈ। ਆਪਣੇ ਦੋਵਾਂ ਲੜਕਿਆਂ ਦੇ ਮੈਚ ਵੇਖਣ ਦਰਮਿਆਨ ਕੈਰੋਲੀਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਚਾਰ ਬੱਚਿਆਂ ਦੀ ਮਾਂ 43 ਸਾਲਾ ਮਲਰੋਨੀ ਨੇ ਆਖਿਆ ਕਿ ਸਾਬਕਾ ਆਗੂ ਪੈਟਰਿਕ ਬ੍ਰਾਊਨ ਦੇ ਅਚਾਨਕ ਅਸਤੀਫਾ ਦਿੱਤੇ ਜਾਣ ਦੇ ਚੱਲਦਿਆਂ ਟੋਰੀਜ਼ ਇੱਕਜੁੱਟ ਹੋ ਸਕਦੇ ਹਨ ਤੇ 7 ਜੂਨ ਨੂੰ ਹੋਣ ਵਾਲੀਆਂ ਚੋਣਾਂ ਜਿੱਤ ਸਕਦੇ ਹਨ।
ਉਨ੍ਹਾਂ ਆਖਿਆ ਕਿ 15 ਸਾਲਾਂ ਦੇ ਲਿਬਰਲ ਸਰਕਾਰ ਦੇ ਰਾਜ ਤੋਂ ਬਾਅਦ ਹੁਣ ਲੋਕ ਵੀ ਤਬਦੀਲੀ ਚਾਹੁੰਦੇ ਹਨ ਕਿਉਂਕਿ ਲੋਕ ਪਰੇਸ਼ਾਨ ਹੋ ਚੁੱਕੇ ਹਨ, ਉਹ ਨਵੀਂ ਸਰਕਾਰ ਚਾਹੁੰਦੇ ਹਨ। ਉਨ੍ਹਾਂ ਨੂੰ ਹੁਣ ਕੁੱਝ ਨਵਾਂ ਚਾਹੀਦਾ ਹੈ। ਇਸ ਲਈ ਮੈਂ ਖੁਦ ਦਾ ਨਾਂ ਦੇਣ ਦਾ ਫੈਸਲਾ ਕੀਤਾ ਹੈ।” ਮਲਰੋਨੀ ਦਾ ਮੰਨਣਾ ਹੈ ਕਿ ਉਹ ਅਜਿਹੀ ਉਮੀਦਵਾਰ ਹੈ ਜਿਹੜੀ ਪੀਸੀ ਪਰਿਵਾਰ ਦੇ ਵੱਖ-ਵੱਖ ਧੜਿਆਂ ਨੂੰ ਇੱਕਜੁੱਟ ਕਰੇਗੀ।
ਮਲਰੋਨੀ ਦੀ ਇਸ ਗੱਲੋਂ ਨਿੰਦਾ ਹੁੰਦੀ ਆਈ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਕੈਨੇਡਾ ਤੋਂ ਬਾਹਰ ਬਿਤਾਇਆ ਹੈ। ਉਨ੍ਹਾਂ ਹਾਰਵਰਡ ਅਤੇ ਨਿਊ ਯਾਰਕ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਮੁਕੰਮਲ ਕੀਤੀ ਪਰ ਮਲਰੋਨੀ ਦਾ ਕਹਿਣਾ ਹੈ ਕਿ ਇਹ ਤੱਥਾਂ ਨੂੰ ਸਹੀ ਢੰਗ ਨਾਲ ਨਾ ਸਮਝਣ ਦਾ ਨਤੀਜਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਓਨਟਾਰੀਓ, ਕੈਨੇਡਾ 'ਚ ਹੀ ਬਿਤਾਇਆ ਹੈ। ਪੋਸਟ ਮੀਡੀਆ ਦੇ ਸਾਬਕਾ ਐਗਜੈ਼ਕਟਿਵ ਰੌਡ ਫਿਲਿਪਸ ਨੇ ਆਖਿਆ ਕਿ ਉਹ ਲੀਡਰਸ਼ਿਪ ਨਹੀਂ ਚਾਹੁੰਦੇ ਅਤੇ ਆਪਣਾ ਸਮਰਥਨ ਮਲਰੋਨੀ ਨੂੰ ਦੇਣਗੇ।
ਜ਼ਿਕਰਯੋਗ ਹੈ ਕਿ ਟੋਰਾਂਟੋ ਦੇ ਸਿਆਸੀ ਆਗੂ ਡੱਗ ਫੋਰਡ, ਜੋ ਕਿ ਸ਼ਹਿਰ ਦੇ ਮਰਹੂਮ ਮੇਅਰ ਰੌਬ ਫੋਰਡ ਦੇ ਭਰਾ ਹਨ, ਵੀ ਇਸ ਦੌੜ 'ਚ ਸ਼ਾਮਲ ਹਨ। ਉਮੀਦਵਾਰਾਂ ਕੋਲ 16 ਫਰਵਰੀ ਤੱਕ ਆਪਣਾ ਨਾਂ ਨਾਮਜ਼ਦ ਕਰਵਾਉਣ ਦਾ ਸਮਾਂ ਹੈ ਅਤੇ 10 ਮਾਰਚ ਨੂੰ ਨਵੇਂ ਆਗੂ ਦਾ ਐਲਾਨ ਕੀਤਾ ਜਾਵੇਗਾ।