ਪਾਕਿਸਤਾਨ ''ਚ ਕਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਾਮਲਾ ਆਇਆ ਸਾਹਮਣੇ
Tuesday, Feb 04, 2020 - 11:00 PM (IST)

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਖਤਰਨਾਕ ਕਰੋਨਾ ਵਾਇਰਸ ਦੇ ਪਹਿਲੇ ਸ਼ੱਕੀ ਮਾਮਲੇ ਦਾ ਪਤਾ ਲੱਗਾ ਹੈ। ਚੀਨ ਵਿਚ ਇੰਜਨੀਅਰਿੰਗ ਦੇ ਵਿਦਿਆਰਥਣ ਦੀ ਵਤਨ ਵਾਪਸੀ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਵੱਖਰੇ ਵਾਰਡ ਵਿਚ ਰੱਖਿਆ ਹੈ। ਸ਼ਾਹਜੇਬ ਅਲੀ ਰਹੁਜਾ ਦੇ ਭਰਾ ਇਰਸ਼ਾਦ ਨੇ ਦੱਸਿਆ ਕਿ ਰਹੁਜਾ ਕਰੋਨਾ ਵਾਇਰਸ ਦੇ ਕੇਂਦਰ ਚੀਨ ਦੇ ਵੁਹਾਨ ਤੋਂ ਤਕਰੀਬਨ ਇਕ ਹਜ਼ਾਰ ਕਿਲੋਮੀਟਰ ਦੂਰ ਸਥਿਤ ਯੂਨੀਵਰਸਿਟੀ ਵਿਚ ਪੈਟਰੋਲੀਅਮ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ। ਉਹ ਚੀਨ ਤੋਂ ਕਤਰ ਹੁੰਦੇ ਹੋਏ ਪਾਕਿਸਤਾਨ ਪਰਤਿਆ ਹੈ। ਉਸ ਨੇ ਕਿਹਾ ਕਿ ਉਹ ਸਾਡੀ ਅਪੀਲ 'ਤੇ ਸ਼ਨੀਵਾਰ ਰਾਤ ਕਰਾਚੀ ਪਰਤਿਆ। ਸਿੱਧੀ ਫਲਾਈਟ ਨਾ ਮਿਲਣ ਕਾਰਨ ਉਹ ਕਤਰ ਹੁੰਦੇ ਹੋਏ ਆਇਆ। ਚੀਨ ਵਿਚ ਹਵਾਈ-ਅੱਡੇ 'ਤੇ ਅਤੇ ਕਰਾਚੀ ਵਿਚ ਵੀ ਉਸ ਦੀ ਜਾਂਚ ਕੀਤੀ ਗਈ ਸੀ ਪਰ ਉਸ ਵਿਚ ਕੋਈ ਲੱਛਣ ਨਹੀਂ ਦਿਖਿਆ। ਘਰ ਪਰਤਣ ਤੋਂ ਬਾਅਦ ਉਸ ਨੂੰ ਖਾਂਸੀ ਅਤੇ ਬੁਖਾਰ ਹੋਇਆ, ਜਿਸ ਲਈ ਕੁਝ ਦਵਾਈਆਂ ਲਈਆਂ ਪਰ ਜਦੋਂ ਉਸ ਦੀ ਨੱਕ ਵਿਚੋਂ ਖੂਨ ਆਉਣ ਲੱਗਾ ਤਾਂ ਅਸੀਂ ਉਸ ਨੂੰ ਹਸਪਤਾਲ ਲੈ ਗਏ। ਰਹੁਜਾ ਦੇ ਭਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕੀਤੀ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਡਾਕਟਰਾਂ ਨੇ ਉਸ ਨੂੰ ਵਾਰਡ ਵਿਚ ਬੰਦ ਕਰ ਦਿੱਤਾ ਹੈ ਅਤੇ ਉਸ ਦਾ ਇਲਾਜ ਕਰਨ ਤੋਂ ਮਨਾਂ ਕਰ ਦਿੱਤਾ ਹੈ।
ਅਲੀ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਅਧਿਕਾਰੀ ਰਹੁਜਾ ਨੂੰ ਖੈਰਪੁਰ ਦੇ ਸਿਵਲ ਹਸਪਤਾਲ ਲੈ ਗਏ ਅਤੇ ਉਥੋਂ ਉਸ ਨੂੰ ਜਾਂਚ ਅਤੇ ਇਲਾਜ ਲਈ ਕਰਾਚੀ ਭੇਜਣ ਦਾ ਫੈਸਲਾ ਕੀਤਾ ਕਿਉਂਕਿ ਖੈਰਪੁਰ ਵਿਚ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਜ਼ਰੂਰੀ ਸਹੂਲਤਾਂ ਨਹੀਂ ਹਨ। ਸੂਬਾ ਸਿਹਤ ਅਧਿਕਾਰੀਆਂ ਨੇ ਉਸ ਨੂੰ ਖੈਰਪੁਰ ਦੇ ਸਿਵਲ ਹਸਪਤਾਲ ਵਿਚ ਵੱਖਰੇ ਵਾਰਡ ਵਿਚ ਰੱਖਵਾ ਦਿੱਤਾ ਹੈ। ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਰਹੁਜਾ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਸਿੰਧ ਦੀ ਸਿਹਤ ਮੰਤਰੀ ਅਫਰਾ ਫਜ਼ਲ ਪੇਚੁਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਹੁਜਾ ਵਿਚ ਕਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਦਿਖੇ ਹਨ। ਇਸ ਦਰਮਿਆਨ ਪਾਕਿਸਤਾਨ ਨੇ ਚੀਨ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਬੀਜਿੰਗ ਵਿਚ ਦੇਸ਼ ਦੇ ਸਫਾਰਤਖਾਨੇ ਵਿਚ ਰਜਿਸਟ੍ਰੇਸ਼ਨ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਹੈ। ਉਥੇ ਹੀ ਦੋਹਾਂ ਦੇਸ਼ਾਂ ਵਿਚਾਲੇ ਉਡਾਣਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਚੀਨ ਵਿਚ ਕਰੋਨਾ ਵਾਇਰਸ ਕਾਰਨ 425 ਲੋਕਾਂ ਦੀ ਜਾਨ ਚਲੀ ਗਈ ਹੈ। ਪਾਕਿਸਤਾਨ ਨੇ ਸੋਮਵਾਰ ਨੂੰ ਦੋ ਚੀਨੀ ਉਡਾਣਾੰ ਨੂੰ ਇਸਲਾਮਾਬਾਦ ਵਿਚ ਉਤਰਣ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਨੂੰ ਖਤਰਨਾਕ ਵਾਇਰਸ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਬੀਜਿੰਗ ਤੋਂ ਵਿਸ਼ੇਸ਼ ਮੈਡੀਕਲ ਕਿੱਟ ਮਿਲੀ ਸੀ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਪਹਿਲਾਂ ਦੱਸਿਆ ਸੀ ਕਿ ਚੀਨ ਵਿਚ ਪਾਕਿਸਤਾਨ ਦੇ ਤਕਰੀਬਨ 30,000 ਵਿਦਿਆਰਥੀ ਹਨ, ਜਿਨ੍ਹਾਂ ਵਿਚ 500 ਵਿਦਿਆਰਥੀ ਵੁਹਾਨ ਵਿਚ ਹਨ। ਇਸ ਤੋਂ ਇਲਾਵਾ ਕਈ ਕਾਰੋਬਾਰੀ ਚੀਨ ਵਿਚ ਹਨ।