ਪਾਕਿਸਤਾਨ 'ਚ ਸੁਲਗੀ ਬਗਾਵਤ ਦੀ ਅੱਗ, ਪ੍ਰਦਰਸ਼ਨਕਾਰੀਆਂ ਨੇ ਕੀਤੀ ਭੰਨਤੋੜ, ਲਹਿਰਾਇਆ ਤਿਰੰਗਾ(Video)
Saturday, May 11, 2024 - 02:22 PM (IST)
ਪੇਸ਼ਾਵਰ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਸਰਕਾਰ ਵਿਰੁੱਧ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਬਿਜਲੀ ਕੱਟ, ਮਹਿੰਗਾਈ ਸਮੇਤ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਲੋਕਾਂ ਦਾ ਵਿਰੋਧ ਹਿੰਸਕ ਅਤੇ ਹਮਲਾਵਰ ਹੋ ਗਿਆ ਹੈ ਅਤੇ ਉਹ ਸੜਕਾਂ 'ਤੇ ਆ ਗਏ ਹਨ। ਲੋਕਾਂ ਵਿੱਚ ਸਭ ਤੋਂ ਵੱਧ ਗੁੱਸਾ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਖ਼ਿਲਾਫ਼ ਹੈ ਅਤੇ ਉਹ ਉਨ੍ਹਾਂ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ। ਪਾਕਿਸਤਾਨੀ ਫੌਜ ਅਤੇ ਪੁਲਸ ਦੇ ਵਿਰੋਧ ਦੇ ਵਿਚਕਾਰ ਰਾਵਲਕੋਟ ਵਿੱਚ ਭਾਰਤੀ ਝੰਡਾ ਲਹਿਰਾਇਆ ਗਿਆ। 'ਮੁਜ਼ੱਫਰਾਬਾਦ ਚਲੋ' ਰੈਲੀ ਰੋਕਣ ਤੋਂ ਬਾਅਦ ਲੋਕ ਬੇਹੱਦ ਗੁੱਸੇ 'ਚ ਆ ਗਏ। ਪਾਕਿਸਤਾਨ ਵਿਚ ਵਿਰੋਧੀ ਪ੍ਰਦਰਸ਼ਨਾਂ ਨੂੰ ਰੋਕਣ ਲਈ ਪੀਓਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
🚨Massive Protest Erupts in #POK Against #Pakistan
— Aalam Ali🇮🇳 (@AalamAli789) May 10, 2024
The report states that the enraged mob severely thrashed the #Pakistani forces & took hold of the police officers' firearms. #PakistanArmy pic.twitter.com/Ru8E1K1gGK
ਪ੍ਰਦਰਸ਼ਨਕਾਰੀਆਂ ਦਾ ਗੁੱਸਾ ਇੰਨਾ ਵੱਧ ਗਿਆ ਕਿ ਉਨ੍ਹਾਂ ਨੇ ਇਕ ਸਹਾਇਕ ਕਮਿਸ਼ਨਰ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਸਰਕਾਰੀ ਗੱਡੀ ਨੂੰ ਅੱਗ ਲਗਾ ਦਿੱਤੀ। ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਚੀਨੀ ਨਿਰਮਾਣ ਸਥਾਨਾਂ ਅਤੇ ਸਰਕਾਰੀ ਦਫਤਰਾਂ ਦੀ ਸੁਰੱਖਿਆ ਲਈ ਕੇਂਦਰੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਸੰਯੁਕਤ ਅਵਾਮੀ ਐਕਸ਼ਨ ਕਮੇਟੀ ਦੁਆਰਾ ਮਹਿੰਗਾਈ ਅਤੇ ਬਿਜਲੀ ਸੰਕਟ ਦੇ ਵਿਰੋਧ ਵਿੱਚ 'ਮੁਜ਼ੱਫਰਾਬਾਦ ਚਲੋ' ਦੇ ਐਲਾਨ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਪੀਓਕੇ ਵਿੱਚ ਪੰਜਾਬ ਪੁਲਸ ਅਤੇ ਰੇਂਜਰਾਂ ਨੂੰ ਤਾਇਨਾਤ ਕੀਤਾ ਸੀ।
ਇਸ ਤੋਂ ਬਾਅਦ ਪੁਲਸ ਨੇ ਕਈ ਨੇਤਾਵਾਂ, ਕਾਰਕੁਨਾਂ ਅਤੇ ਇਲਾਕਾ ਨਿਵਾਸੀਆਂ ਨੂੰ ਗ੍ਰਿਫਤਾਰ ਕਰ ਲਿਆ। ਮੀਰਪੁਰ ਦੇ ਦਦਿਆਲ ਇਲਾਕੇ 'ਚ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਤੋਂ ਬਾਅਦ ਪ੍ਰਦਰਸ਼ਨ ਹਿੰਸਕ ਹੋ ਗਿਆ। ਪੀਓਜੇਕੇ ਦੇ ਮੁਜ਼ੱਫਰਾਬਾਦ, ਮੀਰਪੁਰ ਅਤੇ ਹੋਰ ਇਲਾਕਿਆਂ ਵਿੱਚ ਬੰਦ ਦੀ ਸਥਿਤੀ ਹੈ ਅਤੇ ਉਹ ਮੁਜ਼ੱਫਰਾਬਾਦ ਜਾਣ ਦੀ ਯੋਜਨਾ ਬਣਾ ਰਹੇ ਹਨ। ਲੋਕ ਕਰਫਿਊ ਦਾ ਵਿਰੋਧ ਕਰ ਰਹੇ ਹਨ। ਮਕਬੂਜ਼ਾ ਕਸ਼ਮੀਰ ਦੇ ਮੀਰਪੁਰ 'ਚ ਪੁਲਸ ਨੇ ਸਕੂਲੀ ਵਿਦਿਆਰਥੀਆਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ ਕਈ ਵਿਦਿਆਰਥੀ ਜ਼ਖਮੀ ਹੋ ਗਏ। ਇਸ ਦੇ ਜਵਾਬ ਵਿੱਚ ਅੱਜ ਪਾਕਿਸਤਾਨ ਦੇ ਮੁਜ਼ੱਫਰਾਬਾਦ ਵਿੱਚ ਲੋਕ ਵਿਧਾਨ ਸਭਾ ਦੇ ਬਾਹਰ ਇਕੱਠੇ ਹੋਣਗੇ ਅਤੇ ਪ੍ਰਦਰਸ਼ਨ ਕਰਨਗੇ।
ਮਕਬੂਜ਼ਾ ਕਸ਼ਮੀਰ ਦੀ ਸਭ ਤੋਂ ਵੱਡੀ ਪਾਰਟੀ ਯੂਨਾਈਟਿਡ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ (ਯੂ.ਕੇ.ਪੀ.ਐਨ.ਪੀ.) ਨੇ ਪ੍ਰਦਰਸ਼ਨ ਦੌਰਾਨ ਹੋਈਆਂ ਗ੍ਰਿਫਤਾਰੀਆਂ 'ਤੇ ਸਵਾਲ ਚੁੱਕੇ ਹਨ। ਪਾਰਟੀ ਨੇ ਕਿਹਾ ਕਿ ਪੁਲਸ ਅਤੇ ਫੌਜ ਨੇ ਮਿਲ ਕੇ ਗ੍ਰਿਫਤਾਰ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ। ਯੂਕੇਪੀਐਨਪੀ ਨੇਤਾਵਾਂ ਸ਼ੌਕਤ ਅਲੀ ਕਸ਼ਮੀਰੀ ਅਤੇ ਨਾਸਿਰ ਅਜ਼ੀਜ਼ ਖਾਨ ਨੇ ਗ੍ਰਿਫਤਾਰ ਪ੍ਰਦਰਸ਼ਨਕਾਰੀਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। UKPNP ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸੰਸਥਾ ਨੂੰ ਬਿਨਾਂ ਦੇਰੀ ਦੇ ਦਖਲ ਦੇਣ ਲਈ ਕਿਹਾ ਹੈ। ਮਕਬੂਜ਼ਾ ਕਸ਼ਮੀਰ ਦੇ ਖ਼ਰਾਬ ਹਾਲਾਤ ਬਾਰੇ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐਚਆਰਸੀਪੀ) ਨੇ ਖ਼ੁਦ ਮੰਨਿਆ ਹੈ ਕਿ ਉੱਥੇ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਪਿਛਲੇ ਮਹੀਨੇ ਵੀ ਲੋਕਾਂ ਨੇ ਵਧਦੀ ਮਹਿੰਗਾਈ ਖਿਲਾਫ ਪ੍ਰਦਰਸ਼ਨ ਕੀਤਾ ਸੀ।