ਲੈਸਟਰ ''ਚ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਮਨਾਈ ਗਈ ਬਰਸੀ

06/22/2017 4:55:47 AM

ਲੰਡਨ (ਰਾਜਵੀਰ ਸਮਰਾ)— ਮਿੱਡਲੈਂਡ ਦੇ ਪ੍ਰਮੁੱਖ ਸ਼ਹਿਰ ਲੈਸ਼ਟਰ 'ਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਰੋਡ ਲੈਸ਼ਟਰ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 67ਵੀਂ ਬਰਸੀ ਸਮੂਹ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਸਮਾਗਮ ਸਬੰਧੀ ਗੁਰੂ-ਘਰ ਪ੍ਰਬੰਧਕ ਕਮੇਟੀ ਦੇ ਜਰਨਲ ਸੈਕੇਟਰੀ ਅਮਰੀਕ ਸਿੰਘ ਗਿੱਲ ਨੇ ਦੱਸਿਆ ਕਿ ਇਸ ਅਵਸਰ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਦੌਰਾਨ ਗੁਰੂਘਰ ਦੇ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸੁਲੱਖਣ ਸਿੰਘ ਤਰਨਤਾਰਨ ਵਾਲਿਆਂ ਵੱਲੋਂ ਕਵੀਸ਼ਰੀ ਰਾਂਹੀ ਸੰਗਤਾ ਨੂੰ ਨਿਹਾਲ ਕੀਤਾ। ਸੰਗਤਾਂ ਦੀ ਸਹੂਲਤ ਲਈ ਕਮੇਟੀ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਇਸ ਮੌਕੇ ਗੁਰੂਘਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਬਸਰਾ ਵੱਲੋਂ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਪ੍ਰੇਮ ਸਿੰਘ ਮੁਰਾਰੇਵਾਲਿਆ ਦੇ ਜੀਵਨ ਤੇ ਚਾਨਣਾ ਪਾਇਆ ਤੇ ਸੰਤ-ਮਹਾਂਪੁਰਖਾਂ ਦੇ ਸੱਚੇ ਤੇ ਸਾਦਗੀ ਭਰੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਨੂੰ ਸੰਸਾਰਿਕ ਬੰਧਨਾਂ ਦੇ ਸੰਸਾਰ 'ਚੋਂ ਪਾਰ ਲਾਉਣ 'ਚ ਸੰਤ ਮਹਾਂਪੁਰਖ ਮਲਾਹ ਦਾ ਕਾਰਜ ਕਰਦੇ ਹਨ, ਸਾਨੂੰ ਸਦਾ ਉਨ੍ਹਾਂ ਦੇ ਰਿਣੀ ਰਹਿਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ ਤੌਰ ਤੇ ਯੂਰਪ ਅਤੇ ਇਟਲੀ ਤੋਂ ਪਹੁੰਚੀ ਸੰਗਤ ਵਲੋਂ ਕੀਰਤਨੀ ਜਥੇ ਅਤੇ ਬਾਹਰੋਂ ਆਏ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਨ੍ਹਾਂ 'ਚ ਭੁਲੱਥ ਤੋਂ ਅਕਾਲੀ ਦਲ ਦੇ ਵਿਧਾਇਕ ਦੀ ਚੋਣ ਲੜ੍ਹਨ ਵਾਲੇ ਅਤੇ ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਸ੍ਰੋਮਣੀ ਕਮੇਟੀ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਅਤੇ ਕਾਂਗਰਸੀ ਆਗੂ ਹਨੀ ਚੋਪੜਾ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਅਜਮੇਰ ਸਿੰਘ ਬਸਰਾ, ਜਰਨਲ ਸੈਕੇਟਰੀ ਅਮਰੀਕ ਸਿੰਘ ਗਿੱਲ ਅਤੇ ਦਰਸ਼ਨ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਢੇਸੀ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਯਾਦਗਾਰੀ ਕਮੇਟੀ ਪ੍ਰਧਾਨ ਸੁਖਜਿੰਦਰ ਸਿੰਘ ਨਡਾਲਾ, ਮੀਤ ਪ੍ਰਧਾਨ ਹਰਜਿੰਦਰ ਸਿੰਘ, ਖ਼ਜ਼ਾਨਚੀ ਲਖਵੀਰ ਸਿੰਘ ਬਿਰਾਹੀਮਵਾਲ, ਸੁਖਵਿੰਦਰ ਸਿੰਘ ਬੰਤ ਸੈਕੇਟਰੀ, ਜਗਜੀਤ ਸਿੰਘ ਬੇਗੋਵਾਲ ਆਦਿ ਹਾਜ਼ਰ ਸਨ।


Related News