ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਨੂੰ ਪੇਸ਼ ਹੋਣ ਲਈ ਆਖਰੀ ਮੌਕਾ ਦਿੱਤਾ
Tuesday, Sep 01, 2020 - 07:28 PM (IST)

ਇਸਲਾਮਾਬਾਦ, (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਸੁਣਵਾਈ ਲਈ 10 ਸਤੰਬਰ ਨੂੰ ਸਰੰਡਰ ਕਰਨ ਅਤੇ ਪੇਸ਼ ਹੋਣ ਦਾ ਮੰਗਲਵਾਰ ਨੂੰ ਆਖਰੀ ਮੌਕਾ ਦਿੱਤਾ। ਇਹ ਜਾਣਕਾਰੀ ਮੀਡੀਆ ਵਿਚ ਆਈਆਂ ਖਬਰਾਂ ਤੋਂ ਮਿਲੀ ਹੈ। ਸ਼ਰੀਫ (70) ਪਿਛਲੇ ਸਾਲ ਨਵੰਬਰ ਤੋਂ ਲੰਡਨ ਵਿਚ ਹਨ, ਜਦੋਂ ਲਾਹੌਰ ਹਾਈ ਕੋਰਟ ਨੇ ਉਨ੍ਹਾਂ ਨੂੰ ਇਲਾਜ ਖਾਤਰ ਚਾਰ ਹਫਤੇ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ 7 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਡਾਨ ਨਿਊਜ਼ ਦੀ ਖਬਰ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਦੀ ਇਕ ਵਿਸ਼ੇਸ਼ ਬੈਂਚ ਨੇ ਮੰਗਲਵਾਰ ਨੂੰ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਅਤੇ ਜਵਾਈ ਕੈਪਟਨ (ਰਿਟਾਇਰਡ) ਸਫਦਰ ਦੇ ਖਿਲਾਫ ਪਟੀਸ਼ਨਾਂ 'ਤੇ ਸੁਣਵਾਈ ਕੀਤੀ। ਬੈਂਚ ਨੇ ਏਵੇਨਫੀਲਡ ਅਤੇ ਅਲ-ਅਜੀਜ਼ੀਆ ਸਟੀਲ ਮਿਲਸ ਮਾਮਲਿਆਂ ਵਿਚ ਸੁਣਵਾਈ ਕੀਤੀ। ਬੈਂਚ ਨੇ ਕਿਹਾ ਕਿ ਅਸੀਂ ਅਜੇ ਅੰਤਿਮ ਫੈਸਲਾ ਨਹੀਂ ਪਾਸ ਕਰ ਰਹੇ ਹਨ। ਅਸੀਂ ਤੁਹਾਨੂੰ (ਨਵਾਜ਼) ਅਗਲੀ ਸੁਣਵਾਈ ਤੋਂ ਪਹਿਲਾਂ ਸਰੰਡਰ ਕਰਨ ਦਾ ਅੰਤਿਮ ਮੌਕਾ ਦੇ ਰਹੇ ਹਨ।