ਚੀਨ ਦੀ ਕਮਿਊਨਿਸਟ ਪਾਰਟੀ ਨੇ ਕੱਢਿਆ 2 ਸਾਬਕਾ ਜਨਰਲਾਂ ਨੂੰ
Wednesday, Oct 17, 2018 - 01:35 AM (IST)
ਬੀਜਿੰਗ — ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ 2 ਉੱਚ ਪੱਧਰ ਦੇ ਸਾਬਕਾ ਜਨਰਲਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬਰਖਾਸਤ ਕਰ ਦਿੱਤਾ ਹੈ, ਇਨ੍ਹਾਂ 'ਚੋਂ ਇਕ ਨੇ ਤਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। ਦੂਜੇ ਜਨਰਲ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਮੁਕੱਦਮੇ ਲਈ ਇਕ ਫੌਜੀ ਅਦਾਲਤ ਭੇਜ ਦਿੱਤਾ ਗਿਆ ਹੈ।
ਜਨਰਲ ਫਾਂਗ ਫੇਂਗੁਈ (67) ਨੇ ਪਿਛਲੇ ਸਾਲ ਤੱਕ 20 ਲੱਖ ਜਵਾਨਾਂ ਵਾਲੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐਲ. ਏ.) ਦੀ ਅਗਵਾਈ ਕੀਤੀ ਸੀ। ਉਹ ਸੈਂਟ੍ਰਲ ਮਿਲਟਰੀ ਕਮੀਸ਼ਨ (ਸੀ. ਐਮ. ਸੀ.) ਦੇ ਸਾਬਕਾ ਪ੍ਰਮੁੱਖ ਵੀ ਸਨ ਜਿਸ ਦੇ ਪ੍ਰਧਾਨ ਹੁਣ ਰਾਸ਼ਟਰਪਤੀ ਸ਼ੀ ਜਿਨਪਿੰਗ ਹਨ।
ਸਰਕਾਰੀ ਚਾਈਨਾ ਡੇਲੀ ਅਖਬਾਰ ਮੰਗਲਵਾਰ ਨੂੰ ਫੌਜੀ ਬਿਆਨ ਦੇ ਹਵਾਲੇ ਤੋਂ ਕਿਹਾ ਕਿ ਸਾਬਕਾ ਜਨਰਲ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਮਾਮਲੇ ਨੂੰ ਇਕ ਫੌਜੀ ਅਦਾਲਤ ਨੂੰ ਭੇਜ ਦਿੱਤਾ ਗਿਆ ਹੈ। ਸੀ. ਐਮ. ਸੀ. ਦੇ ਰਾਜਨੀਤਕ ਕਾਰਜ ਵਿਭਾਗ ਦੇ ਸਾਬਕਾ ਪ੍ਰਮੁੱਖ ਜਨਰਲ ਝਾਂਗ ਯਾਂਗ ਨੂੰ ਵੀ ਕਮਿਊਨਿਸਟ ਪਾਰਟੀ ਆਫ ਚਾਈਨਾ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪਿਛਲੇ ਸਾਲ ਨਵੰਬਰ 'ਚ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੁੜੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਹੈ।
ਝਾਂਗ ਨੂੰ ਹਾਲ ਹੀ 'ਚ ਅੰਦਰੂਨੀ ਜਾਂਚ ਦੌਰਾਨ ਭ੍ਰਿਸ਼ਟਾਚਾਰ ਦੇ ਖੁਲਾਸੇ 'ਤੇ ਮਰਨ ਉਪਰੰਤ ਸਜ਼ਾ ਸੁਣਾਈ ਗਈ ਸੀ। ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ 2013 ਤੋਂ ਸ਼ੁਰੂ ਕੀਤੇ ਗਏ ਭ੍ਰਿਸ਼ਟਾਚਾਰ ਵਿਰੋਧੀ ਅਭਿਆਨ ਤੋਂ ਬਾਅਦ ਉੱਚ ਫੌਜੀ ਅਫਸਰਾਂ ਖਿਲਾਫ ਕਾਰਵਾਈ ਦੀ ਲਿਸਟ 'ਚ ਜਨਰਲ ਫਾਂਗ ਤਾਜ਼ਾ ਨਾਂ ਹੈ। ਅਜੇ ਤੱਕ ਕਰੀਬ 50 ਉੱਚ ਜਨਰਲ ਭ੍ਰਿਸ਼ਟਾਚਾਰ ਵਿਰੋਧੀ ਅਭਿਆਨ ਦੇ ਤਹਿਤ ਦੰਡਿਤ ਕੀਤੇ ਜਾ ਚੁੱਕੇ ਹਨ।
