ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਨੇ ਕੀਤੀ ਸੰਸਦ ਦੀ ਆਰੰਭਤਾ

Thursday, Jun 22, 2017 - 04:26 AM (IST)

ਲੰਡਨ (ਰਾਜਵੀਰ ਸਮਰਾ)— ਬਰਤਾਨੀਆ ਦੀ ਸੰਸਦ ਅੱਜ ਅਧਿਕਾਰਤ ਤੌਰ 'ਤੇ ਖੁਲ੍ਹ ਗਈ ਹੈ, ਜਿਸ ਦੀ ਆਰੰਭਤਾ ਮਹਾਰਾਣੀ ਐਲਿਜ਼ਾਬੈੱਥ ਦੇ ਭਾਸ਼ਣ ਨਾਲ ਹੋਈ। ਇਸ ਮੌਕੇ ਮਹਾਰਾਣੀ ਦੇ ਪਤੀ ਡਿਊਕ ਆਫ਼ ਈਡਨਬਰਗ ਦੇ ਬਿਮਾਰ ਹੋਣ ਅਤੇ ਹਸਪਤਾਲ 'ਚ ਦਾਖਲ ਹੋਣ ਕਰਕੇ ਉਨ੍ਹਾਂ ਦੀ ਜਗ੍ਹਾ ਪ੍ਰਿੰਸ ਆਫ਼ ਵੇਲਜ਼ ਪ੍ਰਿੰਸ ਚਾਰਲਸ ਪਹੁੰਚੇ। ਇਸ ਮੌਕੇ ਸੰਸਦ ਨੂੰ ਸੰਬੋਧਨ ਕਰਦਿਆਂ ਮਹਾਰਾਣੀ ਨੇ ਸਰਕਾਰ ਦੇ ਅਗਲੇ ਦੋ ਸਾਲਾਂ ਦੇ ਏਜੰਡੇ ਨੂੰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਯੂ. ਕੇ. ਦੇ ਬ੍ਰੈਗਜ਼ਿਟ ਤੋਂ ਇਲਾਵਾ ਕਈ ਬਿੱਲ ਪੇਸ਼ ਹੋਣਗੇ। ਜਿਨ੍ਹਾਂ 'ਚ ਨਵਾਂ ਇੰਮੀਗ੍ਰੇਸ਼ਨ ਬਿੱਲ ਪੇਸ਼ ਕੀਤਾ ਜਾਵੇਗਾ ਅਤੇ ਸਰਹੱਦਾਂ 'ਤੇ ਸਖ਼ਤੀ ਹੋਵੇਗੀ, ਅੱਤਵਾਦ ਵਿਰੋਧੀ ਗਤੀਵਿਧੀਆਂ 'ਤੇ ਮੁੜ ਵਿਚਾਰ ਹੋਵੇਗੀ ਅਤੇ ਸਖ਼ਤੀ ਨਾਲ ਜ਼ਿਆਦਾ ਕੈਦ ਬਾਰੇ ਰਵੀਊ ਹੋਵੇਗਾ। ਇਸ ਮੌਕੇ ਸੋਸ਼ਲ ਕੇਅਰ ਅਤੇ ਪੈਨਸ਼ਨ ਤੋਂ ਇਲਾਵਾ ਸਿੱਖਿਆ ਬਾਰੇ ਬਹੁਤਾ ਕੁਝ ਨਾ ਕਿਹਾ ਗਿਆ ਕਿਉਂਕਿ ਇਹ ਮੁੱਦੇ ਪਹਿਲਾਂ ਹੀ ਵਿਵਾਦ 'ਚ ਰਹੇ ਸਨ। ਇਸ ਤੋਂ ਇਲਾਵਾ ਘਰੇਲੂ ਹਿੰਸਾ ਰੋਕਣ ਲਈ, ਖੇਤੀਬਾੜੀ, ਨਿਊਕਲੀਅਰ ਸੁਰੱਖਿਆ ਬਿੱਲ, ਆਰਥਿਕਤਾ, ਸਮਾਰਟ ਮੀਟਰ, ਯਾਤਰੀ ਰੱਖਿਆ ਬਿੱਲਾਂ ਦਾ ਜ਼ਿਕਰ ਕੀਤਾ। 19 ਜੂਨ ਤੋਂ ਸ਼ੁਰੂ ਹੋਈ ਬ੍ਰੈਗਜ਼ਿਟ ਵਾਰਤਾ ਮਾਰਚ 2019 ਤੱਕ ਨੇਪਰੇ ਚੜ੍ਹ ਜਾਵੇਗੀ | ਮਹਾਰਾਣੀ ਐਲਿਜ਼ਾਬੈਥ ਆਪਣੇ ਭਾਸ਼ਣ ਦੌਰਾਨ ਨੀਲੇ ਰੰਗ ਦੇ ਪਹਿਰਾਵੇ 'ਚ ਸੀ, ਇਸ ਮੌਕੇ ਉਨ੍ਹਾਂ ਸਿਰ 'ਤੇ ਨੀਲੇ ਰੰਗ ਦੀ ਟੋਪੀ ਪਾਈ ਰੱਖੀ ਅਤੇ ਸ਼ਾਹੀ ਮੁਕਟ ਇੱਕ ਪਾਸੇ ਕੁਰਸੀ 'ਤੇ ਹੀ ਰੱਖਿਆ ਗਿਆ, ਜਦਕਿ ਆਮ ਤੌਰ 'ਤੇ ਮਹਾਰਣੀ ਦੇ ਭਾਸ਼ਣ ਦੌਰਾਨ ਸ਼ਾਹੀ ਤਾਜ ਪਹਿਨਿਆ ਜਾਂਦਾ ਹੈ।


Related News