‘ਬਲਿਊ ਓਰਿਜਨ’ ਦੀ ਗੱਡੀ 18 ਸਾਲਾ ਲੜਕੇ ਨੂੰ ਪੁਲਾੜ ’ਚ ਲਿਜਾਏਗੀ
Friday, Jul 16, 2021 - 02:39 AM (IST)
ਇੰਟਰਨੈਸ਼ਨਲ ਡੈਸਕ : ਬਲਿਊ ਓਰਿਜਨ ਨੇ 18 ਸਾਲ ਦੇ ਇਕ ਲੜਕੇ ਤੇ ਹਵਾਬਾਜ਼ੀ ਖੇਤਰ ਨਾਲ ਜੁੜੀ 82 ਸਾਲਾ ਔਰਤ ਨੂੰ ਪੁਲਾੜ ’ਚ ਲਿਜਾਣ ਦਾ ਐਲਾਨ ਕੀਤਾ ਹੈ। ਬਲਿਊ ਓਰਿਜਨ ਨੇ ਵੀਰਵਾਰ ਕਿਹਾ ਕਿ ਨੀਦਰਲੈਂਡ ਦੇ 18 ਸਾਲਾ ਓਲੀਵਰ ਡੇਮਨ ਪੈਸੇ ਦੇ ਕੇ ਪੁਲਾੜ ’ਚ ਜਾਣ ਵਾਲਾ ਗਾਹਕ ਹੋਵੇਗਾ ਪਰ ਟਿਕਟ ਦੀ ਕੀਮਤ ਬਾਰੇ ਨਹੀਂ ਦੱਸਿਆ। ਡੇਮਨ ਪੁਲਾੜ ਜਾਣ ਵਾਲਾ ਸਭ ਤੋਂ ਨੌਜਵਾਨ ਸ਼ਖਸ ਹੋਵੇਗਾ। ਨੀਦਰਲੈਂਡ ਦੇ ਪ੍ਰਸਾਰਕ ਆਰ. ਟੀ. ਐੱਲ. ਵੱਲੋਂ ਪੋਸਟ ਇਕ ਵੀਡੀਓ ’ਚ ਡੇਮਨ ਨੇ ਕਿਹਾ ਕਿ ਮੈਂ ਜ਼ੀਰੋ ਗੁਰੂਤਾਕਰਸ਼ਣ ਦਾ ਅਨੁਭਵ ਕਰਨ ਤੇ ਉਪਰ ਤੋਂ ਹੇਠਾਂ ਧਰਤੀ ਨੂੰ ਦੇਖਣ ਲਈ ਉਤਸ਼ਾਹਿਤ ਹਾਂ।
82 ਸਾਲਾ ਵੇਲੀ ਫੰਕ ਵੀ ਇਸ ਯਾਤਰਾ ’ਚ ਸ਼ਾਮਲ ਹੋਵੇਗੀ। ਵੈਸਟ ਟੈਕਸਾਸ ਤੋਂ 20 ਜੁਲਾਈ ਨੂੰ ਬਲਿਊ ਓਰਿਜਨ ਦਾ ਨਿਊ ਸ਼ੇਪਰਡ ਰਾਕੇਟ ਚਾਰ ਲੋਕਾਂ ਨੂੰ ਲੈ ਕੇ ਪੁਲਾੜ ’ਚ ਜਾਵੇਗਾ। ਐਮੇਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਵੀ ਆਪਣੇ ਰਾਕੇਟ ਨਾਲ ਪੁਲਾੜ ’ਚ ਜਾਣ ਵਾਲੇ ਦੂਸਰੇ ਸ਼ਖਸ ਹੋਣਗੇ। ਉਨ੍ਹਾਂ ਤੋਂ 9 ਦਿਨ ਪਹਿਲਾਂ ਵਰਜਿਨ ਗੈਲੇਕਟਿਕ ਦੇ ਰਿਚਰਡ ਬ੍ਰੈਨਸਨ ਪੁਲਾੜ ਦੀ ਯਾਤਰਾ ਕਰ ਕੇ ਵਾਪਸ ਪਰਤ ਚੁੱਕੇ ਹਨ।