ਥਾਈਲੈਂਡ ''ਚ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ, ਦੇਸ਼ ''ਚ ਸਖ਼ਤ ਐਮਰਜੈਂਸੀ ਦੀ ਘੋਸ਼ਣਾ
Thursday, Oct 15, 2020 - 03:41 PM (IST)
ਬੈਂਕਾਂਕ- ਥਾਈਲੈਂਡ ਵਿਚ ਰਾਜਤੰਤਰ ਵਿਚ ਸੁਧਾਰ ਤੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ ਓਚਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿਛਲੇ 3 ਮਹੀਨਿਆਂ ਤੋਂ ਪ੍ਰਦਰਸ਼ਨ ਚੱਲ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਰੋਕਣ ਅਤੇ ਵਿਦਿਆਰਥੀਆਂ ਦੇ ਵਿਰੋਧ ਨੂੰ ਕੁਚਲਣ ਲਈ ਦੇਸ਼ ਵਿਚ ਸਖ਼ਤ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਹੈ। ਪੁਲਸ ਨੇ ਘੱਟ ਤੋਂ ਘੱਟ 20 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਹੈ। ਐਮਰਜੈਂਸੀ ਤਹਿਤ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਖ਼ਬਰਾਂ ਦੇ ਪ੍ਰਕਾਸ਼ਨ 'ਤੇ ਰੋਕ ਲਗਾ ਦਿੱਤੀ ਗਈ ਹੈ।
ਥਾਈਲੈਂਡ ਦੀ ਪੁਲਸ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਬਾਹਰ ਰਾਤ ਭਰ ਡੇਰਾ ਬਣਾ ਕੇ ਬੈਠੇ ਰਹੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਦੇ ਸਮੂਹ ਨੂੰ ਵੀਰਵਾਰ ਨੂੰ ਤਿੱਤਰ-ਬਿੱਤਰ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਰਾਜਧਾਨੀ ਖੇਤਰ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਤਾਂ ਕਿ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਥਾਈਲੈਂਡ ਵਿਚ ਕੋਰੋਨਾ ਵਾਰਇਰਸ ਦੇ ਮੱਦੇਨਜ਼ਰ ਲਾਗੂ ਪਾਬੰਦੀਆਂ ਕਾਰਨ ਪਹਿਲਾਂ ਹੀ ਦੇਸ਼ ਵਿਚ ਐਮਰਜੈਂਸੀ ਵਰਗੀ ਸਥਿਤੀ ਹੈ। ਪੁਲਸ ਕਾਰਵਾਈ ਤੋਂ ਪਹਿਲਾਂ ਹੀ ਪ੍ਰਦਰਸ਼ਨਕਾਰੀਆਂ ਦੇ ਇਕ ਨੇਤਾ ਨੇ ਪੀ. ਐੱਮ. ਦਫ਼ਤਰ ਵਿਚ ਰੈਲੀ ਖ਼ਤਮ ਕਰਨ ਦੀ ਘੋਸ਼ਣਾ ਕਰ ਦਿੱਤੀ ਸੀ, ਜਿਸ ਮਗਰੋਂ ਕਈ ਪ੍ਰਦਰਸ਼ਨਕਾਰੀ ਉੱਥੋਂ ਜਾ ਚੁੱਕੇ ਸਨ, ਹਾਲਾਂਕਿ ਇਸ ਦੇ ਬਾਵਜੂਦ 100 ਤੋਂ ਵੱਧ ਲੋਕ ਇੱਥੇ ਮੌਜੂਦ ਸਨ।
ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਫ਼ੌਜ ਮੁਖੀ ਰਹੇ ਪ੍ਰਧਾਨ ਮੰਤਰੀ ਨੇ 2014 ਵਿਚ ਤਖ਼ਤਾਪਲਟ ਕਰਕੇ ਦੇਸ਼ ਦੀ ਸੱਤਾ 'ਤੇ ਕਬਜ਼ਾ ਕੀਤਾ ਸੀ। ਉਨ੍ਹਾਂ ਦੀ ਹੀ ਅਗਵਾਈ ਵਿਚ ਥਾਈਲੈਂਡ ਵਿਚ 2016 ਵਿਚ ਨਵਾਂ ਸੰਵਿਧਾਨ ਲਾਗੂ ਹੋਇਆ ਸੀ, ਜਿਸ ਵਿਚ ਕਈ ਅਜਿਹੇ ਨਿਯਮ ਬਣਾਏ ਗਏ ਸਨ ਜੋ ਮਨੁੱਖੀ ਅਧਿਕਾਰ ਦੇ ਖ਼ਿਲਾਫ਼ ਸਨ।