ਥਾਈਲੈਂਡ ਨੇ ਫੇਸਬੁੱਕ ਵੱਲੋਂ ਅਕਾਊਂਟ ਹਟਾਉਣ ਦੀ ਜਾਂਚ ਰੋਇਲ ਥਾਈ ਸੈਨਾ ਨੂੰ ਸੌਂਪੀ
Thursday, Mar 04, 2021 - 05:28 PM (IST)
ਬੈਂਕਾਕ (ਭਾਸ਼ਾ): ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓਚਾ ਨੇ ਕਿਹਾ ਹੈ ਕਿ ਫੇਸਬੁੱਕ ਵੱਲੋਂ ਸੈਨਾ ਨਾਲ ਜੁੜੇ ਅਕਾਊਂਟ ਨੂੰ ਹਟਾਏ ਜਾਣ ਦੇ ਮਾਮਲੇ ਦੀ ਜਾਂਚ ਰੋਇਲ ਥਾਈ ਸੈਨਾ ਨੂੰ ਸੌਂਪੀ ਗਈ ਹੈ। ਫੇਸਬੁੱਕ ਨੇ ਸਰਕਾਰੀ ਦਖਲ ਅੰਦਾਜ਼ੀ ਖ਼ਿਲਾਫ਼ ਉਸ ਦੀ ਨੀਤੀ ਦੀ ਉਲੰਘਣਾ ਕਰਨ ਲਈ 77 ਅਕਾਊਂਟ, 72 ਪੇਜ, 18 ਸਮੂਹਾਂ ਅਤੇ 18 ਇੰਸਟਾਗ੍ਰਾਮ ਅਕਾਊਂਟ ਨੂੰ ਹਟਾ ਦਿੱਤਾ ਸੀ। ਪ੍ਰਯੁਤ ਨੇ ਕਿਹਾ,''ਫੇਸਬੁੱਕ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ। ਇਸ ਦੀ ਵਿਆਖਿਆ ਕਈ ਢੰਗਾਂ ਨਾਲ ਕੀਤੀ ਜਾ ਸਕਦੀ ਹੈ। ਸਾਨੂੰ ਇਸ ਨੂੰ ਸਪਸ਼ੱਟ ਕਰਨਾ ਹੋਵੇਗਾ।''
ਫੇਸਬੁੱਕ ਦਾ ਕਹਿਣਾ ਹੈ ਕਿ ਦੇਸ਼ ਦੇ ਦੱਖਣੀ ਸੂਬਿਆਂ ਦੇ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਇਹ ਅਕਾਊਂਟ ਬਣਾਏ ਗਏ ਸਨ ਜਿੱਥੇ ਸੈਨਾ ਨੂੰ ਲੰਬੇ ਸਮੇਂ ਤੱਕ ਅੱਤਵਾਦ ਦਾ ਸਾਹਮਣਾ ਕਰਨਾ ਪਿਆ ਸੀ। ਤਿੰਨੇ ਕਾਰਕੁਨਾਂ ਯਿੰਗਸ਼ੇਪ ਐਚਾਨੋਂਟ, ਸਰੇਨੀ ਅਚਵਨੁੰਟਕੁਲ ਅਤੇ ਵਿਨੁ ਜੌਨ ਵੋਂਗਸੁਰਾਵਤ ਨੇ ਬੈਂਕਾਕ ਵਿਚ ਪ੍ਰਬੰਧਕੀ ਅਦਾਲਤ ਵਿਚ ਇਕ ਮੁਕੱਦਮਾ ਦਾਇਰ ਕੀਤਾ ਸੀ ਅਤੇ ਰੋਇਲ ਥਾਈ ਸੈਨਾ ਦੀ ਪ੍ਰਚਾਰ ਮੁਹਿੰਮ ਨੂੰ ਰੋਕਣ ਦਾ ਆਦੇਸ਼ ਦੇਣ ਦੀ ਅਪੀਲ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- Hajj 2021: ਹਜ ਯਾਤਰੀਆਂ ਲਈ ਸਾਊਦੀ ਸਰਕਾਰ ਨੇ ਲਿਆ ਇਹ ਫੈ਼ਸਲਾ
ਯਿੰਗਸ਼ੇਪ ਨੇ ਪੱਤਰਕਾਰਾਂ ਨੂੰ ਕਿਹਾ,''ਇਸ ਤਰ੍ਹਾਂ ਦੀ ਪ੍ਰਚਾਰ ਮੁਹਿੰਮ ਚਲਾਉਣ ਲਈ ਸੈਨਾ ਕੋਲ ਕੋਈ ਅਧਿਕਾਰ ਨਹੀਂ ਹੈ।'' ਟਵਿੱਟਰ ਨੇ ਅਕਤੂਬਰ 2020 ਵਿਚ ਖੁਲਾਸਾ ਕੀਤਾ ਸੀ ਕਿ ਉਸ ਨੇ 926 ਅਕਾਊਂਟ ਦੇ ਇਕ ਨੈੱਟਵਰਕ ਦਾ ਪਤਾ ਲਗਾਇਆ ਹੈ ਜਿਸ ਜ਼ਰੀਏ ਸੈਨਾ ਨਾਲ ਸਬੰਧਤ ਮੁਹਿੰਮ ਦੀਆਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਹਨ। ਟਵਿੱਟਰ ਨੇ ਕਿਹਾ ਸੀ ਕਿ ਇਹਨਾਂ ਅਕਾਊਂਟ ਦੇ ਪੋਸਟ ਵਿਚ ਸੈਨਾ ਅਤੇ ਸਰਕਾਰ ਨਾਲ ਜੁੜੀ ਸਮੱਗਰੀ ਨੂੰ ਵਧਾ ਕੇ ਦਿਖਾਇਆ ਗਿਆ ਅਤੇ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ।