ਪਾਕਿਸਤਾਨ ਦੇ ਖੈਬਰ ਪਖਤੂਨਖਵਾ ''ਚ ਅੱਤਵਾਦੀਆਂ ਨੇ ਕੀਤਾ ਪੁਲਸ ਸਟੇਸ਼ਨ ''ਤੇ ਹਮਲਾ
Thursday, Jan 12, 2023 - 12:48 PM (IST)
ਇਸਲਾਮਾਬਾਦ—ਪਾਕਿਸਤਾਨ 'ਚ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਇਲਾਕੇ 'ਚ ਇਕ ਪੁਲਸ ਸਟੇਸ਼ਨ 'ਤੇ ਅੱਤਵਾਦੀਆਂ ਨੇ ਬੰਦੂਕ ਅਤੇ ਮਿਜ਼ਾਈਲ ਨਾਲ ਹਮਲਾ ਕੀਤਾ। ਐਤਵਾਰ ਨੂੰ ਹੋਏ ਹਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਡਾਨ ਨਾਲ ਗੱਲ ਕਰਦੇ ਹੋਏ ਸਈਅਦ ਯਾਕੂਬ ਸ਼ਾਹ ਨੇ ਦੱਸਿਆ ਕਿ ਅੱਤਵਾਦੀਆਂ ਨੇ ਕਰੀਬ 1 ਵਜੇ ਯਾਰਿਕ ਪੁਲਸ ਸਟੇਸ਼ਨ ਨੂੰ ਘੇਰ ਲਿਆ ਅਤੇ ਇਮਾਰਤ 'ਤੇ ਮਿਜ਼ਾਈਲਾਂ ਦਾਗੀਆਂ।
ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਹਮਲੇ ਦਾ ਜਵਾਬ ਦਿੱਤਾ ਅਤੇ ਪੁਲਸ ਬਲ ਅਤੇ ਹਮਲਾਵਰਾਂ ਵਿਚਕਾਰ ਗੋਲੀਬਾਰੀ ਹੋਈ। ਬੁਲਾਰੇ ਅਨੁਸਾਰ ਪੁਲਸ ਸਟੇਸ਼ਨ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ। ਉਸ ਨੇ ਅੱਗੇ ਦਾਅਵਾ ਕੀਤਾ ਕਿ ਡੇਰਾ ਇਸਮਾਈਲ ਖ਼ਾਨ 'ਚ ਇੱਕ ਪੁਲਸ ਸਟੇਸ਼ਨ 'ਤੇ ਇਹ ਪਹਿਲਾ ਬੰਦੂਕ ਅਤੇ ਮਿਜ਼ਾਈਲ ਹਮਲਾ ਸੀ।
ਡਾਨ ਨੇ ਪਾਕਿਸਤਾਨ ਦੇ ਫੌਜੀ ਮੀਡੀਆ ਬ੍ਰਾਂਚ ਦੇ ਹਵਾਲੇ ਨਾਲ ਕਿਹਾ ਕਿ ਇਸ ਤੋਂ ਪਹਿਲਾਂ 29 ਦਸੰਬਰ ਨੂੰ ਖੈਬਰ ਪਖਤੂਨਖਵਾ ਦੇ ਕੁਰੱਮ ਜ਼ਿਲੇ ਦੇ ਅਰਾਵਲੀ ਇਲਾਕੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਪਾਕਿਸਤਾਨੀ ਫੌਜ ਦੇ ਤਿੰਨ ਅਧਿਕਾਰੀ ਮਾਰੇ ਗਏ ਸਨ। ਡਾਨ ਮੁਤਾਬਕ, ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨ (ਆਈ.ਐੱਸ.ਪੀ.ਆਰ) ਨੇ ਆਪਣੇ ਬਿਆਨ 'ਚ ਆਪਣੀ ਜਾਨ ਗੁਆਉਣ ਵਾਲੇ ਫੌਜੀ ਅਧਿਕਾਰੀਆਂ ਦੀ ਪਛਾਣ ਸੂਬੇਦਾਰ ਸ਼ੁਜਾ ਮੁਹੰਮਦ, ਨਾਇਕ ਮੁਹੰਮਦ ਰਮਜ਼ਾਨ ਅਤੇ ਸਿਪਾਹੀ ਅਬਦੁਲ ਰਹਿਮਾਨ ਵਜੋਂ ਕੀਤੀ ਸੀ।