ਸਿਆਸੀ ਚੋਲਾ ਪਾਉਣ ਦੀ ਤਿਆਰੀ ''ਚ ਅੱਤਵਾਦੀ ਹਾਫਿਜ਼ ਸਈਦ
Saturday, Aug 05, 2017 - 02:22 AM (IST)
ਇਸਲਾਮਾਬਾਦ— ਪਾਕਿਸਤਾਨ ਤੋਂ ਮਿਲ ਰਹੀਆਂ ਖਬਰਾਂ ਮੁਤਾਬਕ ਅੱਤਵਾਦੀ ਹਾਫਿਜ਼ ਸਈਦ ਹੁਣ ਸਿਆਸੀ ਚੋਲਾ ਪਾਉਣ ਦੀ ਤਿਆਰੀ 'ਚ ਹੈ। ਜਾਣਕਾਰੀ ਮੁਤਾਬਕ ਹਾਫਿਜ਼ ਨਵੇਂ ਨਾਂ ਨਾਲ ਪਾਰਟੀ ਦਾ ਰਜਿਸਟ੍ਰੇਸ਼ਨ ਕਰਵਾ ਕੇ ਚੋਣਾਂ ਲੜਨ ਦੀ ਯੋਜਨਾ ਬਣਾ ਰਿਹਾ ਹੈ।
ਅਸਲ 'ਚ ਪਿਛਲੇ 6 ਮਹੀਨਿਆਂ ਤੋਂ ਪਾਕਿਸਤਾਨ 'ਚ ਨਜ਼ਰਬੰਦ ਅੱਤਵਾਦੀ ਸਰਗਨੇ ਹਾਫਿਜ਼ ਸਈਦ ਨੇ ਸਿਆਸਤ 'ਚ ਉਤਰਣ ਦਾ ਮਨ ਬਣਾ ਲਿਆ ਹੈ। ਸਈਦ ਨੇ ਆਪਣੇ ਸੰਗਠਨ ਜ਼ਮਾਤ-ਉਲ-ਦਾਅਵਾ ਵਲੋਂ ਪਾਕਿਸਤਾਨੀ ਚੋਣ ਕਮਿਸ਼ਨ 'ਚ 'ਮਿੱਲੀ ਮੁਸਲਿਮ ਲੀਗ' ਨਾਂ ਨਾਲ ਸਿਆਸੀ ਪਾਰਟੀ ਨੂੰ ਮਾਨਤਾ ਦੇਣ ਲਈ ਅਰਜ਼ੀ ਦਿੱਤੀ ਹੈ ਕਿਉਂਕਿ ਪਾਕਿਸਤਾਨ 'ਚ ਸਿਆਸੀ ਉੱਥਲ-ਪੁੱਥਲ ਜਾਰੀ ਹੈ। ਪਨਾਮਾ ਮਾਮਲੇ ਦੇ ਬਾਅਦ ਨਵਾਜ਼ ਸ਼ਰੀਫ ਨੂੰ ਆਪਣੀ ਕੁਰਸੀ ਗੁਆਉਣੀ ਪੈ ਗਈ। ਅਜਿਹੇ 'ਚ ਹਾਫਿਜ਼ ਜਾਣਦਾ ਹੈ ਕਿ ਇਹ ਉਸ ਲਈ ਬਿਹਤਰੀਨ ਮੌਕਾ ਹੈ ਸਿਆਸਤ 'ਚ ਕਦਮ ਰੱਖਣ ਦਾ, ਕਿਉਂਕਿ ਪਾਕਿਸਤਾਨੀ ਫੌਜ ਤੇ ਆਈ.ਐੱਸ.ਆਈ. 'ਚ ਹਾਫਿਜ਼ ਦੀ ਚੰਗੀ ਪੈਠ ਹੈ। ਜੇਕਰ ਚੋਣ ਕਮਿਸ਼ਨ ਤੋਂ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਇਹ ਅੱਤਵਾਦ ਦਾ ਆਕਾ ਆਪਣੇ ਪੈਰ ਪਾਕਿਸਤਾਨ ਦੀ ਸਿਆਸਤ ਜਮਾਉਣ ਦੀ ਕੋਸ਼ਿਸ਼ ਕਰੇਗਾ।
ਹਾਫਿਜ਼ ਸਈਦ ਪਿਛਲੇ 6 ਮਹੀਨਿਆਂ ਤੋਂ ਨਜ਼ਰਬੰਦ ਹੈ। ਇਹ ਕਾਰਵਾਈ ਅਮਰੀਕਾ ਦੀ ਉਸ ਚਿਤਾਵਨੀ ਦੇ ਬਾਅਦ ਕੀਤੀ ਗਈ ਹੈ, ਜਿਸ 'ਚ ਅਮਰੀਕਾ ਨੇ ਕਿਹਾ ਸੀ ਕਿ ਜੇਕਰ ਜਮਾਤ-ਉਲ-ਦਾਅਵਾ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤਾਂ ਪਾਕਿਸਤਾਨ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਦੱਸਣਯੋਗ ਹੈ ਕਿ 26/11 ਮੁੰਬਈ ਅੱਤਵਾਦੀ ਹਮਲੇ ਦਾ ਹਾਫਿਜ਼ ਸਈਦ ਮਾਸਟਰਮਾਈਂਡ ਹੈ ਤੇ ਭਾਰਤ ਇਸ ਦੇ ਖਿਲਾਫ ਲਗਾਤਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਫਿਜ਼ ਦੀ ਨਜ਼ਰਬੰਦੀ ਬੁੱਧਵਾਰ ਨੂੰ ਹੀ ਵਧਾਈ ਗਈ ਹੈ। ਇਹੀ ਕਾਰਨ ਹੈ ਕਿ ਹਾਫਿਜ਼ ਹੁਣ ਸਿਆਸਤ ਰਾਹੀਂ ਪਾਕਿਸਤਾਨ 'ਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ।
