ਅਫਗਾਨਿਸਤਾਨ ਦੇ ਬਲਖ ਸੂਬੇ ''ਚ ਅੱਤਵਾਦੀ ਹਮਲਾ, 8 ਪੁਲਸ ਕਰਮਚਾਰੀ ਹਲਾਕ
Wednesday, Jan 01, 2020 - 02:18 PM (IST)

ਕਾਬੁਲ- ਅਫਗਾਨਿਸਤਾਨ ਦੇ ਉੱਤਰੀ ਸੂਬੇ ਬਲਖ ਵਿਚ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ਵਿਚ 8 ਪੁਲਸ ਕਰਮਚਾਰੀ ਮਾਰੇ ਗਏ ਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ। ਸੂਬਾਈ ਪੁਲਸ ਦੇ ਮੁਖੀ ਅਜ਼ਮਲ ਫਾਏਜ ਨੇ ਬੁੱਧਵਾਰ ਨੂੰ ਕਿਹਾ ਕਿ ਤਾਲਿਬਾਨੀ ਅੱਤਵਾਦੀਆਂ ਦੇ ਇਕ ਸਮੂਹ ਨੇ ਮੰਗਲਵਾਰ ਰਾਤ ਮਜ਼ਾਰ-ਏ-ਸ਼ਰੀਫ ਵਿਚ ਸ਼ੇਬਰਗਾਨ ਹਾਈਵੇਅ 'ਤੇ ਸਥਿਤ ਪੁਲਸ ਤਲਾਸ਼ ਕੇਂਦਰ 'ਤੇ ਹਮਲਾ ਕਰ ਦਿੱਤਾ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਅਫਗਾਨੀ ਮੀਡੀਆ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਤਾਲਿਬਾਨੀ ਅੱਤਵਾਦੀਆਂ ਨੇ ਜਿਸ ਸਮੇਂ ਤਲਾਸ਼ ਕੇਂਦਰ 'ਤੇ ਹਮਲਾ ਕੀਤਾ, ਉਸ ਸਮੇਂ ਉਥੇ 14 ਪੁਲਸ ਕਰਮਚਾਰੀ ਮੌਜੂਦ ਸਨ। ਤਾਲਿਬਾਨ ਨੇ ਅਜੇ ਤੱਕ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।