''ਭਾਰਤ-ਪਾਕਿ ਵਿਚਾਲੇ ਘੱਟ ਰਿਹੈ ਤਣਾਅ''

Tuesday, Sep 10, 2019 - 02:40 PM (IST)

''ਭਾਰਤ-ਪਾਕਿ ਵਿਚਾਲੇ ਘੱਟ ਰਿਹੈ ਤਣਾਅ''

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਪਿਛਲੇ 2 ਹਫਤਿਆਂ 'ਚ ਘੱਟ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਹਰਾਇਆ ਕਿ ਜੇਕਰ ਦੋਵੇਂ ਦੇਸ਼ ਚਾਹੁਣ ਤਾਂ ਉਹ ਦੋ ਦੱਖਣ-ਏਸ਼ੀਆਈ ਗੁਆਂਢੀ ਮੁਲਕਾਂ ਦੀ ਮਦਦ ਕਰਨ ਲਈ ਤਿਆਰ ਹਨ।

ਟਰੰਪ ਨੇ ਫਰਾਂਸ 'ਚ 26 ਅਗਸਤ ਨੂੰ ਜੀ-7 ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਤੋਂ ਕਰੀਬ ਦੋ ਹਫਤੇ ਬਾਅਦ ਪਹਿਲੀ ਵਾਰ ਇਸ ਮਾਮਲੇ 'ਤੇ ਆਪਣੀ ਰਾਇ ਰੱਖੀ ਹੈ। ਟਰੰਪ ਨੇ ਵਾਈਟ ਹਾਊਸ 'ਚ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਕਸ਼ਮੀਰ ਨੂੰ ਲੈ ਕੇ ਤਣਾਅ ਹੈ। ਪਰੰਤੂ ਮੈਨੂੰ ਲੱਗਦਾ ਹੈ ਕਿ ਪਿਛਲੇ ਦੋ ਹਫਤਿਆਂ ਦੀ ਤੁਲਨਾ 'ਚ ਹੁਣ ਤਣਾਅ ਥੋੜਾ ਘੱਟ ਹੋਇਆ ਹੈ। ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹਾਲਾਤ 'ਤੇ ਉਨ੍ਹਾਂ ਦੀ ਰਾਇ ਪੁੱਛੇ ਜਾਣ 'ਤੇ ਟਰੰਪ ਨੇ ਕਿਹਾ ਕਿ ਮੇਰੇ ਦੋਵਾਂ ਦੇਸ਼ਾਂ ਨਾਲ ਚੰਗੇ ਸਬੰਧ ਹਨ। ਮੈਂ ਉਨ੍ਹਾਂ ਦੀ ਮਦਦ ਕਰਨ ਦਾ ਇੱਛੁਕ ਹਾਂ, ਜੇਕਰ ਉਹ ਚਾਹੁਣ। ਉਨ੍ਹਾਂ ਨੂੰ ਇਹ ਪਤਾ ਹੈ। ਪ੍ਰਸਤਾਵ ਅਜੇ ਵੀ ਬਰਕਰਾਰ ਹੈ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਕਾਨੂੰਨ ਹਟਾਏ ਜਾਣ ਤੋਂ ਬਾਅਦ ਤੋਂ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਵਧ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜੁਲਾਈ 'ਚ ਹੋਈ ਬੈਠਕ 'ਚ ਵੀ ਟਰੰਪ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਕਸ਼ਮੀਰ ਦੇ ਮਾਮਲੇ ਨੂੰ ਲੈ ਕੇ ਵਿਚੋਲਗੀ ਦਾ ਪ੍ਰਸਤਾਵ ਦਿੱਤਾ ਸੀ। ਫਰਾਂਸ 'ਚ ਪਿਛਲੇ ਮਹੀਨੇ ਮੋਦੀ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਆਪਣਾ ਰੁਖ ਬਦਲਦੇ ਹੋਏ ਕਿਹਾ ਸੀ ਕਿ ਕਸ਼ਮੀਰ ਮਾਮਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਹੱਲ ਹੋਣਾ ਚਾਹੀਦਾ ਹੈ। ਧਾਰਾ 370 ਖਤਮ ਕਰਨ ਦੇ ਕਦਮ ਨੂੰ ਅੰਦਰੂਨੀ ਮਾਮਲਾ ਦੱਸਦਿਆਂ ਭਾਰਤ ਨੇ ਪਾਕਿਸਤਾਨ ਦੀ ਵੀ 'ਗੈਰ-ਜ਼ਿੰਮੇਦਾਰਾਨਾ' ਬਿਆਨ ਦੇਣ ਤੇ ਅੰਦਰੂਨੀ ਮੁੱਦਿਆਂ 'ਤੇ ਭਾਰਤ ਵਿਰੋਧੀ ਬਿਆਨਬਾਜ਼ੀ ਕਰਨ ਦੀ ਸਖਤ ਨਿੰਦਾ ਕੀਤੀ ਸੀ।


author

Baljit Singh

Content Editor

Related News