ਬੰਗਲਾਦੇਸ਼ ''ਚ ਮੰਦਰਾਂ ''ਤੇ ਹਮਲਾ, 50 ਤੋਂ ਵੱਧ ਹਿੰਦੂਆਂ ਦੇ ਘਰਾਂ ''ਚ ਲੁੱਟ-ਖੋਹ (ਵੀਡੀਓ)

Monday, Aug 09, 2021 - 06:24 PM (IST)

ਬੰਗਲਾਦੇਸ਼ ''ਚ ਮੰਦਰਾਂ ''ਤੇ ਹਮਲਾ, 50 ਤੋਂ ਵੱਧ ਹਿੰਦੂਆਂ ਦੇ ਘਰਾਂ ''ਚ ਲੁੱਟ-ਖੋਹ (ਵੀਡੀਓ)

ਢਾਕਾ (ਬਿਊਰੋ): ਬੰਗਲਾਦੇਸ਼ ਦੇ ਖੁੱਲ੍ਹਣਾ ਜ਼ਿਲ੍ਹੇ ਵਿਚ ਕੱਟੜਪੰਥੀਆਂ ਦੀ ਭੀੜ ਨੇ 50 ਤੋਂ ਵੱਧ ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਭੀੜ ਨੇ ਘੱਟੋ-ਘੱਟ ਛੇ ਮੰਦਰਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਅਤੇ ਭੰਨ-ਤੋੜ ਕੀਤੀ। ਕੱਟੜਪੰਥੀਆਂ ਨੇ ਮੰਦਰਾਂ ਵਿਚ ਭੰਨ-ਤੋੜ ਕੀਤੀ ਅਤੇ ਮੰਦਰਾਂ ਵਿਚ ਸਥਾਪਿਤ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ। ਸਿਆਲੀ, ਮਲਿਕਾਪੁਰਾ ਅਤੇ ਗੋਵਰਾ ਪਿੰਡ ਵਿਚ ਅਚਾਨਕ ਸੈਂਕੜੇ ਦੀ ਗਿਣਤੀ ਵਿਚ ਕੱਟੜਪੰਥੀ ਇਕਜੁੱਟ ਹੋਏ ਅਤੇ ਇਲਾਕੇ ਦੇ ਸਾਰੇ 6 ਮੰਦਰਾਂ ਵਿਚ ਤਬਾਹੀ ਮਚਾ ਦਿੱਤੀ।ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਖ਼ਿਲਾਫ਼ ਹਮਲੇ ਹਾਲ ਦੇ ਸਾਲਾਂ ਵਿਚ ਵਧੇ ਹਨ। ਇਸ ਦਾ ਇਕ ਕਾਰਨ ਹਿਫਾਜਤ-ਏ-ਇਸਲਾਮ ਜਿਹੇ ਸੰਗਠਨਾਂ ਦਾ ਦੇਸ਼ ਵਿਚ ਤੇਜ਼ੀ ਨਾਲ ਲੋਕਪ੍ਰਿਅ ਹੋਣਾ ਹੈ। ਮਾਰਚ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਆਪਣੀ ਢਾਕਾ ਯਾਤਰਾ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਮੌਲਵੀ ਨੇ ਕੀਤ ਧਾਰਮਿਕ ਜਲੂਸ ਦਾ ਵਿਰੋਧ
ਬੰਗਾਲੀ ਭਾਸ਼ਾ ਦੇ ਅਖ਼ਬਾਰ ਸਮਕਲ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਜ਼ਿਲ੍ਹੇ ਦੇ ਸਿਆਲੀ ਪਿੰਡ ਵਿਚ ਸਥਾਨਕ ਮਸਜਿਦ ਦੇ ਇਕ ਮੌਲਵੀ ਨੇ ਇਕ ਹਿੰਦੂ ਧਾਰਮਿਕ ਜਲੂਸ ਦਾ ਵਿਰੋਧ ਕੀਤਾ। ਇਸ ਮਗਰੋਂ ਕੱਟੜਪੰਥੀਆਂ ਦੀ ਇਕ ਭੀੜ ਬੇਕਾਬੂ ਹੋ ਗਈ ਅਤੇ ਸ਼ਨੀਵਾਰ ਸ਼ਾਮ ਨੂੰ ਪਿੰਡ ਦੇ ਹਿੰਦੂ ਘਰਾਂ 'ਤੇ ਹਮਲਾ ਬੋਲ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਕਿ ਗੁੱਸੇ ਵਿਚ ਆਈ ਭੀੜ ਵਿਚ ਕਥਿਤ ਤੌਰ 'ਤੇ ਨੇੜਲੇ ਪਿੰਡਾਂ ਦੇ ਮੁਸਲਮਾਨ ਸ਼ਾਮਲ ਸਨ। ਹਮਲਾਵਰਾਂ ਨੇ ਹਮਲੇ ਦੌਰਾਨ ਕੁਹਾੜੀ ਅਤੇ ਦੂਜੇ ਹਥਿਆਰਾਂ ਦੀ ਵਰਤੋਂ ਕੀਤੀ।ਹਿੰਦੂਆਂ ਦੇ ਘਰਾਂ ਵਿਚ ਭੰਨ-ਤੋੜ ਕੀਤੀ ਗਈ। ਕਈ ਘਰਾਂ ਵਿਚ ਕੱਟੜਪੰਥੀਆਂ ਨੇ ਅੱਗਜ਼ਨੀ ਕੀਤੀ। ਉੱਥੇ ਕਈ ਦੁਕਾਨਾਂ ਵਿਚ ਲੁੱਟ-ਖੋਹ ਕੀਤੀ। ਕੱਟੜਪੰਥੀ ਕਈ ਘਰੇਲੂ ਪਸ਼ੂਆਂ ਨੂੰ ਵੀ ਲੁੱਟ ਕੇ ਲੈ ਗਏ। ਉੱਥੇ ਵਿਰੋਧ ਕਰਨ ਵਾਲੇ ਘੱਟ ਗਿਣਤੀਆਂ ਪਰਿਵਾਰਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।

10 ਲੋਕ ਕੀਤੇ ਗਏ ਗ੍ਰਿਫ਼ਤਾਰ
ਇਸ ਦੌਰਾਨ ਵਿਰੋਧ ਕਰਨ ਵਾਲੇ ਕਈ ਹਿੰਦੂ ਜ਼ਖਮੀ ਹੋ ਗਏ। ਫਿਲਹਾਲ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਕਾਨੂੰਨ ਲਾਗੂ ਕਰਨ ਵਾਲੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੇ ਕਈ ਹਿੰਦੂ ਮੰਦਰਾਂ, ਘਰਾਂ ਅਤੇ ਦੁਕਾਨਾਂ ਵਿਚ ਭੰਨ-ਤੋੜ ਦੇ ਸੰਬੰਧ ਵਿਚ ਦਰਜ ਮਾਮਲੇ ਵਿਚ ਹੁਣ ਤੱਕ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਭਾਈਚਾਰੇ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਖੇਤਰ ਵਿਚ ਪਹਿਲੀ ਵਾਰ ਕਿਸੇ ਫਿਰਕੂ ਹਿੰਸਾ ਦੀ ਖ਼ਬਰ ਮਿਲੀ ਹੈ। ਪੁਲਸ ਮੁਤਾਬਕ ਸ਼ਨੀਵਾਰ ਸ਼ਾਮ ਕਰੀਬ 5:45 ਵਜੇ ਕਰੀਬ 100 ਹਮਲਾਵਰ ਪਿੰਡ ਪਹੁੰਚੇ। ਉਹਨਾਂ ਨੇ ਹਥਿਆਰਾਂ ਨਾਲ ਭੰਨ-ਤੋੜ ਕੀਤੀ ਅਤੇ ਛੇ ਮੰਦਰਾਂ ਨੂੰ ਨਸ਼ਟ ਕਰ ਦਿੱਤਾ। ਪਿੰਡ ਦੇ ਹਿੰਦੂ ਭਾਈਚਾਰੇ ਦੀਆਂ ਦੁਕਾਨਾਂ ਅਤੇ ਮਕਾਨਾਂ ਵਿਚ ਵੀ ਭੰਨ-ਤੋੜ ਕੀਤੀ।

 

30 ਤੋਂ ਵੱਧ ਲੋਕ ਜ਼ਖਮੀ 
ਕੁੱਟਮਾਰ ਵਿਚ 30 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ ਜਿਹਨਾਂ ਦਾ ਇਲਾਜ ਸਦਰ ਹਸਪਤਾਲ ਵਿਚ ਚੱਲ ਰਿਹਾ ਹੈ। ਬੰਗਲਾਦੇਸ਼ ਦੇ ਕਈ ਨਿਊਜ਼ ਵੈਬਸਾਈਟਾਂ ਨੇ ਵੀ ਘਟਨਾ ਨੂੰ ਤਰਜੀਹ ਨਾਲ ਲਿਖਿਆ ਹੈ। ਇਹ ਵਾਰਦਾਤ 7 ਅਗਸਤ ਦੀ ਸ਼ਾਮ ਕਰੀਬ 5 ਵਜੇ ਦੀ ਹੈ। ਬੰਗਲਾਦੇਸ਼ ਦੀ ਵੈਬਸਾਈਟ ਸਮਕਾਲ ਦੀ ਰਿਪੋਰਟ ਮੁਤਾਬਕ ਇਹ ਹਮਲਾ 7 ਅਗਸਤ ਦੀ ਸ਼ਾਮ 5:45 ਵਜੇ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  ਆਸਟ੍ਰੇਲੀਆਈ ਮਰਦਮਸ਼ੁਮਾਰੀ 2021 ਲਈ ਪੰਜਾਬੀ ਭਾਈਚਾਰੇ 'ਚ ਭਾਰੀ ਉਤਸ਼ਾਹ

VHP ਨੇ ਕੀਤੀ ਜਾਂਚ ਦੀ ਮੰਗ
2011 ਦੀ ਸੰਘੀ ਮਰਦਮਸ਼ੁਮਾਰੀ ਮੁਤਾਬਕ ਬੰਗਲਾਦੇਸ਼ ਦੀ 149 ਮਿਲੀਅਨ ਆਬਾਦੀ ਵਿਚ ਕਰੀਬ 8.5 ਫੀਸਦੀ ਲੋਕ ਹਿੰਦੂ ਧਰਮ ਦਾ ਪਾਲਣ ਕਰਦੇ ਹਨ। ਖੁੱਲ੍ਹਣਾ ਜ਼ਿਲ੍ਹੇ ਵਿਚ ਵੱਡੀ ਗਿਣਤੀ ਵਿਚ ਹਿੰਦੂ ਭਾਈਚਾਰਾ ਦੇ ਲੋਕ ਰਹਿੰਦੇ ਹਨ। ਇੱਥੇ 16 ਫੀਸਦੀ ਲੋਕ ਹਿੰਦੂ ਧਰਮ ਮੰਨਦੇ ਹਨ ਜੋ ਰਾਸ਼ਟਰੀ ਔਸਤ ਤੋਂ ਵੱਧ ਹਨ। ਇਸ ਘਟਨਾ ਨੇ ਭਾਰਤ ਵਿਚ ਵੀ ਗੁੱਸੇ ਨੂੰ ਵਧਾਇਆ ਹੈ। ਵਿਸ਼ਵ ਹਿੰਦੂ ਪਰੀਸ਼ਦ ਨੇ ਹਮਲੇ ਨੂੰ ਅੰਜਾਮ ਦੇਣ ਵਾਲੇ ਲੋਕਾਂ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਹੈ।

ਨੋਟ- ਬੰਗਲਾਦੇਸ਼ ਵਿਚ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਘਟਨਾ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News