ਯੂਕੇ: ਵੋਇਸ ਆਫ ਵੂਮੈਨ ਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਤੀਆਂ ਦਾ ਆਯੋਜਨ
Monday, Aug 08, 2022 - 02:20 PM (IST)
ਗਲਾਸਗੋ/ਸਾਊਥਾਲ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਦੀ ਧਰਤੀ 'ਤੇ ਪੰਜਾਬੀ ਭਾਈਚਾਰੇ ਦੀ ਕਾਰਗੁਜ਼ਾਰੀ ਲੁਕੀ ਛਿਪੀ ਨਹੀਂ ਹੈ। ਆਏ ਦਿਨ ਹੁੰਦੇ ਮੇਲੇ ਬਰਤਨਵੀ ਫਿਜ਼ਾ 'ਚ ਰੰਗ ਘੋਲਦੇ ਨਜ਼ਰ ਆਉਂਦੇ ਹਨ। ਅੱਜ-ਕੱਲ੍ਹ ਤੀਆਂ ਦੇ ਦਿਨ ਚੱਲ ਰਹੇ ਹਨ ਤਾਂ ਹਰ ਸ਼ਹਿਰ ਤੀਆਂ ਮਨਾਈਆਂ ਜਾ ਰਹੀਆਂ ਹਨ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਅਤੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਾਊਥਾਲ ਵਿਖੇ ਹਫ਼ਤਾਵਾਰੀ ਤੀਆਂ ਦਾ ਆਯੋਜਨ ਵੋਇਸ ਆਫ ਵੂਮੈਨ ਅਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ।
ਇਸ ਸਮੇਂ ਵੋਇਸ ਆਫ ਵੂਮੈਨ ਦੀ ਚੇਅਰਪਰਸਨ ਸੁਰਿੰਦਰ ਕੌਰ, ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਦੀ ਡਾਇਰੈਕਟਰ ਸ਼ਿਵਦੀਪ ਕੌਰ ਢੇਂਸੀ, ਸ੍ਰੀਮਤੀ ਅਵਤਾਰ ਕੌਰ ਚਾਨਾ, ਸੰਤੋਸ਼ ਸੁਰ, ਬਲਵੀਰ ਕੌਰ ਸੰਧੂ, ਸਤਵਿੰਦਰ ਕੌਰ ਮਾਨ, ਸੰਤੋਸ਼ ਸ਼ਿਨ, ਸੁਰਿੰਦਰ ਕੌਰ ਤੂਰ ਕੈਂਥ, ਨਰਿੰਦਰ ਕੌਰ ਖੋਸਾ, ਲੇਖਇੰਦਰ ਕੌਰ ਸਰਾਂ ਆਦਿ ਵੱਲੋਂ ਪੰਜਾਬਣਾਂ ਦੇ ਮਨੋਰੰਜਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਸੰਬੰਧੀ ਗੱਲਬਾਤ ਕਰਦਿਆਂ ਸੁਰਿੰਦਰ ਕੌਰ ਅਤੇ ਸ਼ਿਵਦੀਪ ਕੌਰ ਢੇਂਸੀ ਨੇ ਕਿਹਾ ਕਿ ਕੰਮਾਂ ਦੀ ਭੱਜਦੌੜ ਵਿੱਚ ਔਰਤਾਂ ਲਈ ਮਨੋਰੰਜਨ ਦੇ ਸਾਧਨ ਹਮੇਸ਼ਾ ਥੁੜੇ ਰਹਿੰਦੇ ਹਨ। ਸਾਡੀਆਂ ਦੋਵੇਂ ਸੰਸਥਾਵਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਮੇਂ-ਸਮੇਂ 'ਤੇ ਔਰਤਾਂ ਲਈ ਵਿਸ਼ੇਸ਼ ਮੌਕੇ ਮੁਹੱਈਆ ਕਰਵਾਏ ਜਾਣ, ਜਿਸ ਵਿੱਚ ਉਹ ਆਪਣੇ ਮਨ ਦੇ ਵਲਵਲਿਆਂ ਨੂੰ ਉਜਾਗਰ ਕਰ ਸਕਣ।
ਇਸ ਸਮੇਂ ਟੀਵੀ ਪੇਸ਼ਕਾਰ ਰੂਪ ਦਵਿੰਦਰ ਕੌਰ, ਕਮਲਜੀਤ ਕੌਰ ਸਾਂਬਲ, ਕੌਂਸਲਰ ਜਸਬੀਰ ਕੌਰ ਆਨੰਦ, ਰਾਜਿੰਦਰ ਕੌਰ (ਪੰਜਾਬ ਰੇਡੀਓ), ਸ਼ਾਇਰਾ ਕਿੱਟੀ ਬੱਲ, ਸ਼ਾਇਰਾ ਤੇ ਕਹਾਣੀਕਾਰ ਭਿੰਦਰ ਜਲਾਲਾਬਾਦੀ, ਅਨਮੋਲ, ਕਮਲਜੀਤ ਕੌਰ ਸੈਂਭੀ, ਸਤਵਿੰਦਰ ਮਾਨ, ਪ੍ਰਵੀਨ, ਸੁਰਿੰਦਰ ਚਾਵਲਾ, ਪਰਮਜੀਤ ਕੌਰ ਢੇਂਸੀ ਆਦਿ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।