ਬਾਬਾ ਦੀਪ ਸਿੰਘ ਸਪੋਰਟਸ ਕਲੱਬ ਰੋਮ ਦੀ ਟੀਮ ਨੇ ਵਿਚੈਂਸਾ ਨੋਵੇਲਾਰਾ ਦੀ ਟੀਮ ਨੂੰ ਹਰਾ ਕੇ ਜਿੱਤਿਆ ਕਬੱਡੀ ਕੱਪ

Tuesday, Jul 25, 2023 - 03:38 PM (IST)

ਬਾਬਾ ਦੀਪ ਸਿੰਘ ਸਪੋਰਟਸ ਕਲੱਬ ਰੋਮ ਦੀ ਟੀਮ ਨੇ ਵਿਚੈਂਸਾ ਨੋਵੇਲਾਰਾ ਦੀ ਟੀਮ ਨੂੰ ਹਰਾ ਕੇ ਜਿੱਤਿਆ ਕਬੱਡੀ ਕੱਪ

ਮਿਲਾਨ (ਸਾਬੀ ਚੀਨੀਆ)- ਯੂਥ ਕਲੱਬ ਕਰੇਮੋਨਾ ਬਰੇਸ਼ੀਆ ਵੱਲੋਂ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਖੇਡ ਗਰਾਊਂਡ ਵਿਖੇ ਕਬੱਡੀ ਕੱਪ ਆਯੋਜਿਤ ਕੀਤਾ ਗਿਆ। ਇਹ ਕਬੱਡੀ ਕੱਪ ਜੀਤਾ ਕਰੇਮੋਨਾ ਅਤੇ ਹੈਪੀ ਗਾਂਬਰਾਂ ਵੱਲੋਂ ਕਰਵਾਇਆ ਗਿਆ, ਜਿਸ ਵਿਚ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ 6 ਟੀਮਾਂ ਨੇ ਭਾਗ ਲਿਆ। ਅੱਤ ਦੀ ਗਰਮੀ ਵਿੱਚ ਵੀ ਖਿਡਾਰੀਆ ਵਿੱਚ ਭਾਰੀ ਜੋਸ਼ ਸੀ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਮੈਚ ਦੇਖਣ ਪਹੁੰਚੇ ਹੋਏ  ਸਨ। ਕਬੱਡੀ ਕੱਪ ਦੌਰਾਨ ਫਾਈਨਲ ਮੁਕਾਬਲੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਰੋਮ ਨੇ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਿਚੈਂਸਾ ਅਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੀ ਸਾਂਝੀ ਟੀਮ ਨੂੰ ਮਾਤ ਦੇ ਕੇ ਕਬੱਡੀ ਕੱਪ ਜਿੱਤ ਲਿਆ।

ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਰਜਿੰਦਰ ਸਿੰਘ ਰੰਮੀ ਪ੍ਰਧਾਨ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ 2100 ਯੂਰੋ ਅਤੇ ਜੈਤੂ ਟਰਾਫੀ ਅਤੇ ਦੂਸਰੇ ਸਥਾਨ 'ਤੇ ਰਹੀ ਟੀਮ ਨੂੰ ਰਿੰਕੂ ਕੋਪਰੇਤੀਵਾ ਵੱਲੋਂ 1800 ਯੂਰੋ ਅਤੇ ਟਰਾਫੀ ਨਾਲ ਸਨਮਾਨਤ  ਕੀਤਾ ਗਿਆ। ਖਿਡਾਰੀ ਸ਼ੀਰਾ ਮੀਰਾਕੋਟੀ ਬੈਸਟ ਰੇਡਰ ਐਲਾਨੇ ਗਏ ਅਤੇ ਬੈਸਟ ਜਾਫੀ ਬਾਜੂ ਨੂੰ ਚੁਣਿਆ ਗਿਆ। ਜਦੋਂ ਕਿ ਨੈਸ਼ਨਲ ਕਬੱਡੀ ਦੇ ਮੈਚ ਵਿੱਚ ਫਤਹਿ ਸਪੋਰਟਸ ਕਲੱਬ ਬੈਰਗਾਮੋਂ ਅਤੇ ਫਿਰੈਂਸੇ ਸਪੋਰਟਸ ਕਲੱਬ ਆਰੇਸੋ ਵਿੱਚਕਾਰ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਵਿੱਚ ਪਹਿਲੇ ਸਥਾਨ 'ਤੇ ਫਤਹਿ ਸਪੋਰਟਸ ਕਲੱਬ ਬੈਰਗਾਮੋਂ ਅਤੇ ਫਿਰੈਂਸੇ ਸਪੋਰਟਸ ਕਲੱਬ ਆਰੇਸੋ ਦੀ ਟੀਮ ਦੂਜੇ ਸਥਾਨ 'ਤੇ ਰਹੀ। ਇਸ ਮੌਕੇ 'ਤੇ ਇਟਲੀ ਭਰ ਤੋਂ ਵੱਡੀ ਗਿਣਤੀ ਵਿੱਚ ਖੇਡ ਕਲੱਬਾਂ ਅਤੇ ਕਬੱਡੀ ਪ੍ਰਮੋਟਰ ਪਹੁੰਚੇ ਹੋਏ ਸਨ, ਜਿਨ੍ਹਾਂ ਦਾ ਟਰਾਫੀਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਸਾਰੇ ਦਰਸ਼ਕਾਂ ਅਤੇ ਸਹਿਯੋਗੀਆ ਦਾ ਧੰਨਵਾਦ ਕੀਤਾ ਗਿਆ।


author

cherry

Content Editor

Related News