ਕੈਨੇਡਾ: ਬਿਨਾਂ ਮਾਸਕ ਦੇ ਸਕੂਲ ਆਏ ਅਧਿਆਪਕ ਦਾ ਮਾਮਲਾ ਅਦਾਲਤ ਪੁੱਜਾ
Friday, Oct 30, 2020 - 11:41 AM (IST)
ਟੋਰਾਂਟੋ- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਨੂੰ ਮਾਸਕ ਪਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ ਪਰ ਫਿਰ ਵੀ ਬਹੁਤੇ ਲੋਕ ਲਾਪਰਵਾਹੀਆਂ ਕਰਦੇ ਫੜੇ ਜਾਂਦੇ ਹਨ। ਕੈਨੇਡਾ ਦੇ ਇਕ ਸਕੂਲ ਵਿਚ ਇਕ ਅਧਿਆਪਕ ਮਾਸਕ ਲਗਾ ਕੇ ਨਹੀਂ ਆਇਆ ਤੇ ਉਸ ਨੂੰ ਭਾਰੀ ਜੁਰਮਾਨਾ ਲੱਗ ਸਕਦਾ ਹੈ। ਮਨਿਸਟਰੀ ਆਫ ਲੇਬਰ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਸੈਂਟ ਚਾਰਲਸ ਕੈਥੋਲਿਕ ਸਕੂਲ ਜੋ ਡੁਫਰਿਨ ਸਟਰੀਟ ਨੇੜੇ ਹੈ, ਦਾ ਅਧਿਆਪਕ 23 ਅਕਤੂਬਰ ਨੂੰ ਸਕੂਲ ਵਿਚ ਬਿਨਾਂ ਮਾਸਕ ਦੇ ਦੇਖਿਆ ਗਿਆ। ਉਸ ਨੂੰ ਫਰਵਰੀ 2021 ਵਿਚ ਅਦਾਲਤ ਅੱਗੇ ਪੇਸ਼ ਹੋਣ ਦਾ ਹੁਕਮ ਮਿਲਿਆ ਹੈ। ਇਸ ਦੇ ਨਾਲ ਹੀ ਜੇਕਰ ਉਹ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਨੂੰ ਇਕ ਹਜ਼ਾਰ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ। ਹਾਲਾਂਕਿ, ਸਕੂਲ ਨੂੰ ਇਸ ਕਾਰਨ ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਨਹੀਂ ਲੱਗੇਗਾ।
ਜ਼ਿਕਰਯੋਗ ਹੈ ਕਿ ਇਸ ਸਕੂਲ ਵਿਚ ਇਕ ਅਧਿਆਪਕ ਕੋਰੋਨਾ ਪੀੜਤ ਹੋ ਗਿਆ ਸੀ, ਜਿਸ ਮਗਰੋਂ 5 ਅਕਤੂਬਰ ਤੱਕ ਸਕੂਲ ਬੰਦ ਰੱਖਿਆ ਗਿਆ ਸੀ। ਜਾਣਕਾਰੀ ਮੁਤਾਬਕ ਪੀੜਤ ਅਧਿਆਪਕ ਚਾਰ ਹੋਰ ਸਕੂਲਾਂ ਵਿਚ ਵੀ ਕੰਮ ਕਰਨ ਲਈ ਗਿਆ ਸੀ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਕੀ ਇਹ ਉਹੀ ਅਧਿਆਪਕ ਹੈ, ਜਿਸ ਨੂੰ ਹੁਣ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਕਈ ਸਕੂਲ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।