ਸ਼ਰਮਨਾਕ! ਸਹੀ ਢੰਗ ਨਾਲ ਹਿਜਾਬ ਨਾ ਪਾਉਣ 'ਤੇ ਅਧਿਆਪਕ ਨੇ ਕੱਟੇ 14 ਕੁੜੀਆਂ ਦੇ ਵਾਲ

Tuesday, Aug 29, 2023 - 10:41 AM (IST)

ਸ਼ਰਮਨਾਕ! ਸਹੀ ਢੰਗ ਨਾਲ ਹਿਜਾਬ ਨਾ ਪਾਉਣ 'ਤੇ ਅਧਿਆਪਕ ਨੇ ਕੱਟੇ 14 ਕੁੜੀਆਂ ਦੇ ਵਾਲ

ਜਕਾਰਤਾ: ਹਿਜਾਬ ਸਹੀ ਢੰਗ ਨਾਲ ਨਾ ਪਹਿਨਣ ਕਾਰਨ ਇਕ ਅਧਿਆਪਕ ਵੱਲੋਂ ਵਿਦਿਆਰਥਣਾਂ ਨੂੰ ਅੱਧਾ ਗੰਜਾ ਬਣਾਉਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਇੰਡੋਨੇਸ਼ੀਆ ਦੀ ਹੈ। ਇਸ ਘਟਨਾ ਨੂੰ ਲੈ ਕੇ ਇੰਡੋਨੇਸ਼ੀਆ 'ਚ ਬਖੇੜਾ ਹੋ ਗਿਆ ਹੈ ਅਤੇ ਇਸ ਘਟਨਾ ਨੂੰ ਧਾਰਮਿਕ ਅਸਹਿਣਸ਼ੀਲਤਾ ਨਾਲ ਜੋੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹੰਗਾਮੇ ਤੋਂ ਬਾਅਦ ਦੋਸ਼ੀ ਅਧਿਆਪਕ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਸਕੂਲ ਦੀ ਤਰਫੋਂ ਪੀੜਤ ਕੁੜੀਆ ਦੇ ਪਰਿਵਾਰ ਵਾਲਿਆਂ ਤੋਂ ਮੁਆਫ਼ੀ ਵੀ ਮੰਗੀ ਗਈ ਹੈ।

ਅਧਿਆਪਕ ਹੋਇਆ ਨਾਰਾਜ਼

ਖ਼ਬਰਾਂ ਮੁਤਾਬਕ ਘਟਨਾ ਇੰਡੋਨੇਸ਼ੀਆ ਦੇ ਪੂਰਬੀ ਜਾਵਾ ਟਾਪੂ ਦੇ ਲਾਮੋਂਗਨ ਸ਼ਹਿਰ ਦੀ ਹੈ। ਪਿਛਲੇ ਬੁੱਧਵਾਰ ਨੂੰ ਇੱਥੋਂ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਨੇ ਸਿਰਫ਼ ਇਸ ਗੱਲ 'ਤੇ 14 ਕੁੜੀਆਂ ਨੂੰ ਅੱਧ ਗੰਜਾ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਸਹੀ ਢੰਗ ਨਾਲ ਹਿਜਾਬ ਨਹੀਂ ਪਾਇਆ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਕੁੜੀਆਂ ਨੇ ਹਿਜਾਬ ਦੇ ਹੇਠਾਂ ਪਾਈ ਜਾਣ ਵਾਲੀ ਕੈਪ ਨਹੀਂ ਪਾਈ ਹੋਈ ਸੀ, ਜਿਸ ਕਾਰਨ ਉਨ੍ਹਾਂ ਦੇ ਵਾਲ ਦਿਸ ਦੇ ਰਹੇ ਸਨ। ਇਸ ਗੱਲ ਤੋਂ ਨਾਰਾਜ਼ ਹੋ ਕੇ ਅਧਿਆਪਕ ਨੇ ਇਹ ਕਦਮ ਚੁੱਕਿਆ।

ਪਰਿਵਾਰਾਂ ਨੇ ਕੀਤਾ ਸਖ਼ਤ ਵਿਰੋਧ 

ਘਟਨਾ ਤੋਂ ਬਾਅਦ ਜਦੋਂ ਬਖੇੜਾ ਹੋਇਆ ਤਾਂ ਸਕੂਲ ਨੇ ਦੋਸ਼ੀ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ। ਨਾਲ ਹੀ ਪੀੜਤ ਪਰਿਵਾਰਾਂ ਤੋਂ ਵੀ ਮੁਆਫ਼ੀ ਮੰਗੀ। ਸਕੂਲ ਦੇ ਮੁੱਖ ਅਧਿਆਪਕਾ ਨੇ ਦੱਸਿਆ ਕਿ ਸਕੂਲ ਵਿੱਚ ਹਿਜਾਬ ਪਾਉਣਾ ਲਾਜ਼ਮੀ ਨਹੀਂ ਹੈ ਪਰ ਵਿਦਿਆਰਥਣਾਂ ਨੂੰ ਹਿਜਾਬ ਦੇ ਹੇਠਾਂ ਪਹਿਨੀ ਜਾਂਦੀ ਕੈਪ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਸਾਫ਼-ਸੁਥਰੀਆਂ ਦਿਸਣ। ਸਕੂਲ ਨੇ ਪੂਰੀ ਘਟਨਾ ਲਈ ਮੁਆਫ਼ੀ ਮੰਗ ਲਈ ਹੈ। ਇਸ ਦੇ ਨਾਲ ਹੀ ਪੀੜਤ ਵਿਦਿਆਰਥਣਾਂ ਦੀ ਕਾਊਂਸਲਿੰਗ ਵੀ ਕੀਤੀ ਜਾਵੇਗੀ ਤਾਂ ਜੋ ਉਹ ਇਸ ਘਟਨਾ ਤੋਂ ਮਾਨਸਿਕ ਤੌਰ 'ਤੇ ਉਭਰ ਸਕਣ।

ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਅਹਿਮ ਐਲਾਨ 

ਡਰੈੱਸ ਕੋਡ ਦਾ ਹਿੱਸਾ ਹੈ ਹਿਜਾਬ 

ਦੱਸ ਦੇਈਏ ਕਿ ਇੰਡੋਨੇਸ਼ੀਆ ਵਿੱਚ ਇਸਲਾਮ ਸਭ ਤੋਂ ਵੱਡਾ ਧਰਮ ਹੈ ਅਤੇ ਉੱਥੇ ਸਮੇਂ ਦੇ ਨਾਲ ਰੂੜੀਵਾਦ ਵਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਮੁਸਲਿਮ ਬਹੁਲਤਾ ਵਾਲੇ ਇਲਾਕਿਆਂ ਦੇ ਸਕੂਲਾਂ ਵਿੱਚ ਵਿਦਿਆਰਥਣਾਂ ਦੇ ਡਰੈੱਸ ਕੋਡ ਵਿੱਚ ਹਿਜਾਬ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਨਿਯਮ ਸਾਰੇ ਧਰਮਾਂ ਦੀਆਂ ਵਿਦਿਆਰਥਣਾਂ 'ਤੇ ਲਾਗੂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਾਲ 2021 'ਚ ਵੀ ਇੰਡੋਨੇਸ਼ੀਆ 'ਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ, ਜਿੱਥੇ ਵਿਦਿਆਰਥਣਾਂ ਨੂੰ ਹਿਜਾਬ ਨਾ ਪਹਿਨਣ ਜਾਂ ਠੀਕ ਢੰਗ ਨਾਲ ਨਾ ਪਹਿਨਣ 'ਤੇ ਸਜ਼ਾ ਦਿੱਤੀ ਗਈ ਸੀ। ਇੰਡੋਨੇਸ਼ੀਆ ਵਿੱਚ ਛੇ ਵੱਡੇ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ, ਇਸ ਲਈ ਇੰਡੋਨੇਸ਼ੀਆ ਵਿੱਚ ਅਜਿਹੀਆਂ ਘਟਨਾਵਾਂ ਧਾਰਮਿਕ ਅਸਹਿਣਸ਼ੀਲਤਾ ਵਧਣ ਵੱਲ ਇਸ਼ਾਰਾ ਕਰ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News