ਐਮਾਜ਼ਾਨ ਤੋਂ ਬਾਅਦ ਐੱਚ-1ਬੀ ਵੀਜ਼ਾ ਦਾ ਦੂਜਾ ਸਭ ਤੋਂ ਵੱਡਾ ਲਾਭਪਾਤਰੀ TCS : ਅਮਰੀਕੀ ਅੰਕੜੇ
Sunday, Sep 21, 2025 - 03:59 PM (IST)

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸੰਘੀ ਅੰਕੜਿਆਂ ਦੇ ਅਨੁਸਾਰ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) 2025 ਤੱਕ 5,000 ਤੋਂ ਵੱਧ ਪ੍ਰਵਾਨਿਤ ਐੱਚ-1ਬੀ ਵੀਜ਼ਾ ਦੇ ਨਾਲ ਇਸ ਪ੍ਰੋਗਰਾਮ ਦੀ ਦੂਜੀ ਸਭ ਤੋਂ ਵੱਡੀ ਲਾਭਪਾਤਰੀ ਹੈ। ਇਸ ਲਿਹਾਜ਼ ਨਾਲ ਪਹਿਲੇ ਸਥਾਨ ’ਤੇ ਐਮਾਜ਼ਾਨ ਹੈ। ਯੂ. ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ. ਐੱਸ. ਸੀ. ਆਈ. ਐੱਸ.) ਦੇ ਅਨੁਸਾਰ ਜੂਨ 2025 ਤੱਕ ਐਮਾਜ਼ਾਨ ਦੇ 10,044 ਕਰਮਚਾਰੀ ਐੱਚ-1ਬੀ ਵੀਜ਼ਾ ਦੀ ਵਰਤੋਂ ਕਰ ਰਹੇ ਸਨ। ਦੂਜੇ ਸਥਾਨ ’ਤੇ 5,505 ਪ੍ਰਵਾਨਿਤ ਐੱਚ-1ਬੀ ਵੀਜ਼ਾ ਦੇ ਨਾਲ ਟੀ.ਸੀ.ਐੱਸ. ਰਹੀ।
ਹੋਰ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ’ਚ ਮਾਈਕ੍ਰੋਸਾਫਟ (5189), ਮੈਟਾ (5123), ਐਪਲ (4202), ਗੂਗਲ (4181), ਡੇਲਾਇਟ (2353), ਇਨਫੋਸਿਸ (2004), ਵਿਪਰੋ (1523) ਅਤੇ ਟੈੱਕ ਮਹਿੰਦਰਾ ਅਮਰੀਕਾ (951) ਸ਼ਾਮਲ ਹਨ। ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ 'ਤੇ 100,000 ਅਮਰੀਕੀ ਡਾਲਰ ਦੀ ਇੱਕ ਹੈਰਾਨ ਕਰਨ ਵਾਲੀ ਸਾਲਾਨਾ ਫੀਸ ਦਾ ਐਲਾਨ ਕੀਤਾ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਕਦਮ ਦਾ ਉਦੇਸ਼ ਪ੍ਰੋਗਰਾਮ ਦੀ "ਯੋਜਨਾਬੱਧ ਦੁਰਵਰਤੋਂ" ਨੂੰ ਰੋਕਣਾ ਹੈ। ਹਾਲਾਂਕਿ, ਇਹ ਫੈਸਲਾ ਅਮਰੀਕਾ ਵਿੱਚ ਭਾਰਤੀ ਆਈਟੀ ਅਤੇ ਪੇਸ਼ੇਵਰ ਕਰਮਚਾਰੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।