ਟਾਟਾ ਦੀ ਇਸ ਕੰਪਨੀ ਨੂੰ ਵੱਡਾ ਝਟਕਾ, ਅਮਰੀਕੀ ਕੋਰਟ ਨੇ 751.73 ਕਰੋੜ ਦਾ ਲਾਇਆ ਜੁਰਮਾਨਾ, ਜਾਣੋ ਕੀ ਹੈ ਮਾਮਲਾ?
Monday, Nov 27, 2023 - 10:30 PM (IST)
ਨਵੀਂ ਦਿੱਲੀ (ਇੰਟ.) : ਦੇਸ਼ ਦੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਨੂੰ ਮੁੜ ਅਮਰੀਕੀ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਜੇ ਕਰੀਬ ਇਕ ਹਫ਼ਤਾ ਪਹਿਲਾਂ ਹੀ ਇਸ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਏਪਿਕ ਸਿਸਟਮਸ ਦੀ ਪਟੀਸ਼ਨ ’ਤੇ ਇੰਟੈਲੈਕਚੁਅਲ ਪ੍ਰਾਪਰਟੀਜ਼ ਦੀ ਚੋਰੀ ਦੇ ਮਾਮਲੇ 'ਚ ਟੀ.ਸੀ.ਐੱਸ.’ਤੇ 14 ਕਰੋੜ ਦਾ ਜੁਰਮਾਨਾ ਲਗਾਇਆ ਸੀ। ਹੁਣ ਇਸ ਦੇ ਕਰੀਬ ਇਕ ਹਫ਼ਤੇ ਬਾਅਦ ਹੀ ਟੈਕਸਾਸ ਕੋਰਟ ਨੇ ਇਕ ਹੋਰ ਟ੍ਰੇਡ-ਸੀਕ੍ਰੇਟ ਕੇਸ ’ਚ ਇਸ ਨੂੰ ਡੀ.ਐਕਸ.ਸੀ. ਟੈੱਕ ਨੂੰ 21 ਕਰੋੜ ਡਾਲਰ (1751.73 ਕਰੋੜ ਰੁਪਏ) ਅਦਾ ਕਰਨ ਦਾ ਹੁਕਮ ਦਿੱਤਾ ਹੈ।
ਇਹ ਕੇਸ ਕੰਪਿਊਟਰ ਸਾਇੰਸਿਜ਼ ਕਾਰਪੋਰੇਸ਼ਨ (ਸੀ.ਐੱਸ.ਸੀ.) ਨੇ ਫਾਈਲ ਕੀਤਾ ਸੀ, ਜੋ ਐੱਚ.ਪੀ.ਈ. ਦੇ ਇੰਟਰਪ੍ਰਾਈਜ਼ ਸਰਵਿਸਿਜ਼ ਬਿਜ਼ਨੈੱਸ ਨਾਲ ਮਿਲਣ ਤੋਂ ਬਾਅਦ ਡੀ.ਐਕਸ.ਸੀ. ਟੈੱਕ ਬਣ ਗਈ। ਪਿਛਲੇ ਹਫ਼ਤੇ ਅਮਰੀਕੀ ਸੁਪਰੀਮ ਕੋਰਟ ਤੋਂ ਝਟਕੇ ਤੋਂ ਬਾਅਦ ਟੀ.ਸੀ.ਐੱਸ. ਨੇ ਕਿਹਾ ਸੀ ਕਿ ਸਤੰਬਰ ਤਿਮਾਹੀ 'ਚ ਇਸ ਦੀ ਕਮਾਈ ਨੂੰ 12.5 ਕਰੋੜ ਡਾਲਰ ਦਾ ਝਟਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ : ਦੁਨੀਆ ਦਾ 8ਵਾਂ ਅਜੂਬਾ ਬਣਿਆ ਅੰਕੋਰਵਾਟ ਮੰਦਰ, ਜਾਣੋ ਕੀ ਹੈ ਇਸ ਦਾ ਇਤਿਹਾਸ
ਕੀ ਕਹਿਣਾ ਹੈ ਟੀ.ਸੀ.ਐੱਸ. ਦਾ?
ਡਲਾਸ ’ਚ ਟੈਕਸਾਸ ਸੰਘੀ ਅਦਾਲਤ ’ਚ ਇਕ ਜਿਊਰੀ ਨੇ ਟੀ.ਸੀ.ਐੱਸ. ਨੂੰ ਆਪਣਾ ਖੁਦ ਦਾ ਪਲੇਟਫਾਰਮ ਬਣਾਉਣ ਲਈ ਡੀ.ਐਕਸ.ਸੀ. ਦੇ ਸਾਫਟਵੇਅਰ ਨਾਲ ਜੁੜੀਆਂ ਗੁਪਤ ਜਾਣਕਾਰੀਆਂ ਦੀ ਗਲਤ ਵਰਤੋਂ ਦਾ ਦੋਸ਼ੀ ਪਾਇਆ। ਜਿਊਰੀ ਮੁਤਾਬਕ ਟੀ.ਸੀ.ਐੱਸ. ਨੇ ਲਾਈਫ਼ ਇੰਸ਼ੋਰੈਂਸ ਅਤੇ ਸਾਲਾਨਾ ਨੀਤੀ ਨੂੰ ਮੈਨੇਜ ਕਰਨ ਵਾਲੇ ਸਾਫਟਵੇਅਰ ਵੈਂਟੇਜ-ਵਨ ਅਤੇ ਸਾਈਬਰ ਲਾਈਫ਼ ਸਾਫਟਵੇਅਰ ਦੀ ਆਪਣੇ ਫਾਇਦੇ ਲਈ ਵਰਤੋਂ ਕੀਤੀ।
ਉੱਥੇ ਹੀ ਜਿਊਰੀ ਦੇ ਐਡਵਾਇਜ਼ਰੀ ਫ਼ੈਸਲੇ ਨਾਲ ਟੀ.ਸੀ.ਐੱਸ. ਅਸਹਿਮਤ ਹੈ ਅਤੇ ਟੀ.ਸੀ.ਐੱਸ. ਦੇ ਬੁਲਾਰੇ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਹੁਣ ਇਸ ਮਾਮਲੇ 'ਚ ਅਦਾਲਤ ਫ਼ੈਸਲਾ ਕਰੇਗੀ ਅਤੇ ਕੰਪਨੀ ਦੀ ਯੋਜਨਾ ਇਸ ਮੁਕੱਦਮੇ ਨੂੰ ਜਾਰੀ ਰੱਖਣ ਦੀ ਹੈ। ਬੁਲਾਰੇ ਨੇ ਮਾਮਲਾ ਪੈਂਡਿੰਗ ਹੋਣ ਕਾਰਨ ਵਧੇਰੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ 'ਚ ਲੜਕੀ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹਾਦਸਾ ਜਾਂ ਖ਼ੁਦਕੁਸ਼ੀ?, ਜਾਂਚ 'ਚ ਜੁਟੀ ਪੁਲਸ
2019 ਤੋਂ ਚੱਲ ਰਿਹੈ ਮਾਮਲਾ
ਜਿਊਰੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਡੀ.ਐਕਸ.ਸੀ. ਦੇ ਟ੍ਰੇਡ ਸੀਕ੍ਰੇਟ ਦੀ ਗਲਤ ਵਰਤੋਂ ਲਈ ਟੀ.ਸੀ.ਐੱਸ. ’ਤੇ 7 ਕਰੋੜ ਡਾਲਰ ਅਤੇ ਜਾਣਬੁੱਝ ਕੇ ਅਤੇ ਦੁਰਭਾਵਨਾਪੂਰਨ ਤਰੀਕੇ ਨਾਲ ਗਲਤ ਇਸਤੇਮਾਲ ਲਈ ਵਾਧੂ 14 ਕਰੋੜ ਡਾਲਰ ਦਾ ਬਕਾਇਆ ਹੈ। ਸੀ.ਐੱਸ.ਸੀ. ਨੇ ਇਹ ਮਾਮਲਾ 2019 'ਚ ਦਾਇਰ ਕੀਤਾ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟੀ.ਸੀ.ਐੱਸ. ਨੇ 2018 'ਚ ਟ੍ਰਾਂਸ ਅਮਰੀਕਾ ਦੇ 2200 ਕਰਮਚਾਰੀਆਂ ਨੂੰ ਕੰਮ ’ਤੇ ਰੱਖਿਆ ਸੀ, ਜਿਸ ਰਾਹੀਂ ਉਸ ਨੂੰ ਮੁਕਾਬਲੇਬਾਜ਼ੀ ਲਾਈਫ਼ ਇੰਸ਼ੋਰੈਂਸ ਪਲੇਟਫਾਰਮ ਬਣਾਉਣ ਲਈ ਸੀ.ਐੱਸ.ਸੀ. ਦੇ ਸਾਫਟਵੇਅਰ, ਇਸ ਦੇ ਸੋਰਸ ਕੋਰਡ ਅਤੇ ਬਾਕੀ ਮਲਕੀਅਤ ਦੀ ਜਾਣਕਾਰੀ ਤੱਕ ਪਹੁੰਚ ਹਾਸਲ ਕੀਤੀ।
ਸੀ.ਐੱਸ.ਸੀ. ਨੇ ਟ੍ਰਾਂਸ ਅਮਰੀਕਾ ਨੂੰ ਆਪਣੇ ਸਾਫਟਵੇਅਰ ਦਾ ਲਾਇਸੈਂਸ ਦਿੱਤਾ ਸੀ। ਟੀ.ਸੀ.ਐੱਸ. ਨੇ 2018 'ਚ ਟ੍ਰਾਂਸ ਅਮਰੀਕਾ ਲਾਈਫ਼ ਇੰਸ਼ੋਰੈਂਸ ਨਾਲ 10 ਸਾਲਾਂ ਲਈ 200 ਕਰੋੜ ਡਾਲਰ ਦੀ ਡੀਲ ਕੀਤੀ ਸੀ। ਇਸ ਸਾਲ ਬੀਮਾ ਕੰਪਨੀ ਨੇ ਚੁਣੌਤੀਪੂਰਨ ਮਾਹੌਲ ਨੂੰ ਦੇਖਦਿਆਂ ਟੈੱਕ ਖਰਚਿਆਂ ’ਚ ਕਟੌਤੀ ਦੇ ਨਾਂ ’ਤੇ ਇਸ ਡੀਲ ਨੂੰ ਰੱਦ ਕਰ ਦਿੱਤਾ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8