ਕੋਰੋਨਾ ਮਹਾਮਾਰੀ ਤੋਂ ਬਾਅਦ ਸਭ ਤੋਂ ਵੱਧ ਜਾਨਾਂ ਲੈ ਰਹੀ ਇਹ ਬਿਮਾਰੀ, WHO ਨੇ ਜਾਰੀ ਕੀਤੀ ਰਿਪੋਰਟ

Wednesday, Oct 30, 2024 - 05:42 PM (IST)

ਕੋਰੋਨਾ ਮਹਾਮਾਰੀ ਤੋਂ ਬਾਅਦ ਸਭ ਤੋਂ ਵੱਧ ਜਾਨਾਂ ਲੈ ਰਹੀ ਇਹ ਬਿਮਾਰੀ, WHO ਨੇ ਜਾਰੀ ਕੀਤੀ ਰਿਪੋਰਟ

ਵਾਸ਼ਿੰਗਟਨ : WHO ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਟੀਬੀ ਦੀ ਬਿਮਾਰੀ ਕਾਰਨ ਹੋਈਆਂ ਮੌਤਾਂ ਬਾਰੇ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਬਿਮਾਰੀ ਨੂੰ ਖ਼ਤਮ ਕਰਨ ਲਈ ਵਿਸ਼ਵਵਿਆਪੀ ਯਤਨਾਂ 'ਚ ਚੁਣੌਤੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਡਬਲਯੂਐੱਚਓ ਦੇ ਅਨੁਸਾਰ, ਪਿਛਲੇ ਸਾਲ ਲਗਭਗ 82 ਲੱਖ ਟੀਬੀ ਦੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਸੀ। WHO ਵੱਲੋਂ 1995 'ਚ ਗਲੋਬਲ ਟੀਬੀ ਨਿਗਰਾਨੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਇਹ ਰਿਕਾਰਡ ਕੀਤਾ ਗਿਆ ਸਭ ਤੋਂ ਵੱਡਾ ਅੰਕੜਾ ਹੈ।

ਇਸ ਤੋਂ ਪਹਿਲਾਂ 2022 'ਚ ਟੀਬੀ ਦੇ 75 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਸੀ। ਇਸਦਾ ਮਤਲਬ ਹੈ ਕਿ ਟੀਬੀ ਦੇ ਮਰੀਜ਼ਾਂ ਲਈ ਢੁਕਵਾਂ ਇਲਾਜ ਮੌਜੂਦ ਹੈ। ਰਿਪੋਰਟ ਦੇ ਅਨੁਸਾਰ, ਅੰਕੜੇ ਦਰਸਾਉਂਦੇ ਹਨ ਕਿ ਤਪਦਿਕ ਦਾ ਖਾਤਮਾ ਅਜੇ ਬਹੁਤ ਦੂਰ ਹੈ ਕਿਉਂਕਿ ਬਿਮਾਰੀ ਦੇ ਵਿਰੁੱਧ ਲੜਾਈ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਬਾਕੀ ਹਨ।

ਇਸ ਦੇ ਨਾਲ ਹੀ ਡਬਲਯੂਐਚਓ ਦੇ ਡਾਇਰੈਕਟਰ ਜਨਰਲ ਡਾ: ਟੇਡਰੋਸ ਅਡਾਨੋਮ ਗੈਬਰੇਅਸਸ ਨੇ ਕਿਹਾ ਕਿ ਰੋਕਥਾਮ, ਖੋਜ ਤੇ ਇਲਾਜ ਦੇ ਸਾਰੇ ਸਾਧਨਾਂ ਦੇ ਬਾਵਜੂਦ, ਟੀਬੀ ਅਜੇ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਰਹੀ ਹੈ।

2023 'ਚ 12.5 ਲੱਖ ਲੋਕ ਟੀਬੀ ਕਾਰਨ ਮਰੇ
2022 'ਚ ਟੀਬੀ ਦੀ ਬਿਮਾਰੀ ਕਾਰਨ 13.2 ਲੱਖ ਲੋਕਾਂ ਦੀ ਮੌਤ ਹੋਈ, ਜਦੋਂ ਕਿ 2023 ਵਿੱਚ ਇਹ ਅੰਕੜਾ 12.5 ਲੱਖ ਸੀ। ਅੰਦਾਜ਼ੇ ਮੁਤਾਬਕ ਪਿਛਲੇ ਸਾਲ 1.8 ਕਰੋੜ ਲੋਕ ਟੀ.ਬੀ. ਦੀ ਲਪੇਟ ਵਿਚ ਆਏ ਸਨ। ਏਜੰਸੀ ਨੇ ਕਿਹਾ ਕਿ 2027 ਤੱਕ ਟੀਬੀ ਨੂੰ ਖਤਮ ਕਰਨ ਦੇ ਟੀਚਿਆਂ ਤੱਕ ਪਹੁੰਚਣ ਲਈ ਮਹੱਤਵਪੂਰਨ ਤਰੱਕੀ ਦੀ ਲੋੜ ਹੈ। ਇਸ ਬੀਮਾਰੀ ਨਾਲ ਮਰਨ ਵਾਲੇ 98 ਫੀਸਦੀ ਲੋਕ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਦੇ ਹਨ। ਸਮੱਸਿਆ ਦੇ ਹੱਲ ਲਈ ਇਨ੍ਹਾਂ ਦੇਸ਼ਾਂ ਨੂੰ ਫੰਡਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ।


author

Baljit Singh

Content Editor

Related News