ਅਮਰੀਕਾ ਨਾਲ ਗੱਲਬਾਤ ਸਿਆਣਪ ਜਾਂ ਸਮਝਦਾਰੀ ਨਹੀਂ : ਖਾਮੇਨੇਈ
Saturday, Feb 08, 2025 - 09:51 AM (IST)
![ਅਮਰੀਕਾ ਨਾਲ ਗੱਲਬਾਤ ਸਿਆਣਪ ਜਾਂ ਸਮਝਦਾਰੀ ਨਹੀਂ : ਖਾਮੇਨੇਈ](https://static.jagbani.com/multimedia/2025_2image_09_51_215684242iran.jpg)
ਦੁਬਈ (ਏਜੰਸੀ)- ਈਰਾਨ ਨਾਲ ਪ੍ਰਮਾਣੂ ਗੱਲਬਾਤ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੇਸ਼ਕਸ਼ ਤੋਂ ਬਾਅਦ ਸੁਪਰੀਮ ਲੀਡਰ ਅਯਾਤੁੱਲ੍ਹਾ ਅਲੀ ਖਾਮੇਨੇਈ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ‘ਸਿਆਣਪ, ਸਮਝਦਾਰੀ ਜਾਂ ਸਨਮਾਨਜਨਕ ਨਹੀਂ ਹੈ।’ ਖਾਮੇਨੇਈ ਨੇ ਇਹ ਵੀ ਕਿਹਾ ਕਿ ਅਜਿਹੀ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ, ਪਰ ਉਨ੍ਹਾਂ ਨੇ ਅਮਰੀਕਾ ਨਾਲ ਗੱਲਬਾਤ ਨਾ ਕਰਨ ਦਾ ਸਿੱਧਾ ਹੁਕਮ ਜਾਰੀ ਕਰਨ ਤੋਂ ਪਰਹੇਜ ਕੀਤਾ।
ਤਹਿਰਾਨ ਵਿੱਚ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ ਖਾਮੇਨੇਈ ਦਾ ਬਿਆਨ ਉਨ੍ਹਾਂ ਦੀਆਂ ਪਿਛਲੀਆਂ ਟਿੱਪਣੀਆਂ ਦੇ ਉਲਟ ਹੈ। ਖਾਮੇਨੇਈ (85) ਪੱਛਮੀ ਦੇਸ਼ਾਂ ਨਾਲ ਗੱਲਬਾਤ ਬਾਰੇ ਵਿਚ ਹਮੇਸ਼ਾ ਸਾਵਧਾਨੀ ਨਾਲ ਬਿਆਨ ਦਿੰਦੇ ਹਨ। ਟਰੰਪ ਨੇ ਮੰਗਲਵਾਰ ਨੂੰ ਈਰਾਨ 'ਤੇ ਵੱਧ ਤੋਂ ਵੱਧ ਦਬਾਅ ਪਾਉਣ ਲਈ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕਰਦੇ ਹੋਏ ਕਿਹਾ ਸੀ ਕਿ ਉਹ ਤਹਿਰਾਨ ਨਾਲ ਇੱਕ ਸਮਝੌਤਾ ਚਾਹੁੰਦੇ ਹਨ। ਉਨ੍ਹਾਂ ਨੇ ਓਵਲ ਦਫਤਰ ਵਿਚ ਕਿਹਾ ਸੀ, "ਮੈਂ ਇਸ (ਕਾਰਜਕਾਰੀ ਆਦੇਸ਼) 'ਤੇ ਦਸਤਖਤ ਕਰਨ ਜਾ ਰਿਹਾ ਹਾਂ, ਪਰ ਉਮੀਦ ਹੈ ਕਿ ਅਸੀਂ ਇਸ 'ਤੇ ਬਹੁਤ ਜਲਦੀ ਅਮਲ ਨਹੀਂ ਕਰਾਂਗੇ। ਅਸੀਂ ਦੇਖਾਂਗੇ ਕਿ ਅਸੀਂ ਈਰਾਨ ਨਾਲ ਕੋਈ ਸਮਝੌਤਾ ਕਰ ਪਾਉਂਦੇ ਹਾਂ ਜਾਂ ਨਹੀਂ।"
ਟਰੰਪ ਨੇ ਕਿਹਾ ਸੀ, "ਅਸੀਂ ਈਰਾਨ 'ਤੇ ਸਖ਼ਤੀ ਨਹੀਂ ਚਾਹੁੰਦੇ। ਅਸੀਂ ਕਿਸੇ 'ਤੇ ਵੀ ਸਖ਼ਤ ਨਹੀਂ ਹੋਣਾ ਚਾਹੁੰਦੇ। ਪਰ ਉਨ੍ਹਾਂ ਕੋਲ ਪਰਮਾਣੂ ਬੰਬ ਨਹੀਂ ਹੋਣਾ ਚਾਹੀਦਾ।" ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ 'ਤੇ ਲਿਖਿਆ, "ਮੈਂ ਇੱਕ ਪ੍ਰਮਾਣੂ ਸ਼ਾਂਤੀ ਸਮਝੌਤਾ ਬਹੁਤ ਪਸੰਦ ਕਰਾਂਗਾ, ਜਿਸ ਨਾਲ ਈਰਾਨ ਦਾ ਸ਼ਾਂਤੀਪੂਰਨ ਵਿਕਾਸ ਹੋਵੇਗਾ ਅਤੇ ਉੱਥੇ ਖੁਸ਼ਹਾਲੀ ਆਵੇਗੀ।"