ਕੀ ਭਾਰਤ ਦੇ ਮੋਢੇ ’ਤੇ ਬੰਦੂਕ ਰੱਖ ਕੇ ਦੁਨੀਆ ’ਚ ਅਕਸ ਸੁਧਾਰਨਾ ਚਾਹੁੰਦੈ ਤਾਲਿਬਾਨ?

Tuesday, Aug 31, 2021 - 09:51 AM (IST)

ਕੀ ਭਾਰਤ ਦੇ ਮੋਢੇ ’ਤੇ ਬੰਦੂਕ ਰੱਖ ਕੇ ਦੁਨੀਆ ’ਚ ਅਕਸ ਸੁਧਾਰਨਾ ਚਾਹੁੰਦੈ ਤਾਲਿਬਾਨ?

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੋਂ ਦੇ ਹਾਲਾਤ ਗੰਭੀਰ ਬਣੇ ਹੋਏ ਹਨ। ਤਾਲਿਬਾਨ ਵਲੋਂ ਆਪਣੇ ਬਦਲੇ ਹੋਏ ਰੂਪ ਦੀ ਦੁਹਾਈ ਦੇਣ ਦੇ ਬਾਵਜੂਦ ਉਥੋਂ ਆ ਰਹੀਆਂ ਖ਼ਬਰਾਂ ਉਪ ਮਹਾਦੀਪ ਦੇ ਕੁਝ ਦੇਸ਼ਾਂ ਦੀਆਂ ਚਿੰਤਾਵਾਂ ਵਧਾ ਰਹੀਆਂ ਹਨ। ਇਸੇ ਦਰਮਿਆਨ ਤਾਲਿਬਾਨ ਲਗਾਤਾਰ ਆਪਣਾ ਅਕਸ ਸੁਧਾਰਨ ਦੇ ਦਾਅਵੇ ਕਰ ਰਿਹਾ ਹੈ। ਇਸੇ ਕੜੀ ਤਹਿਤ ਉਸਨੇ ਨਵਾਂ ਪੈਂਤਰਾ ਅਪਨਾਇਆ ਹੈ। ਤਾਲਿਬਾਨ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਇਸ ਉਪ ਮਹਾਦੀਪ ਵਿਚ ਭਾਰਤ ਇਕ ਅਹਿਮ ਦੇਸ਼ ਹੈ। ਤਾਲਿਬਾਨ ਭਾਰਤ ਨਾਲ ਅਫ਼ਗਾਨਿਸਤਾਨ ਦੇ ਵਪਾਰਕ, ਆਰਥਿਕ ਅਤੇ ਸਿਆਸੀ ਸਬੰਧਾਂ ਨੂੰ ਬਣਾਈ ਰੱਖਣਾ ਚਾਹੁੰਦਾ ਹੈ।

ਤਾਲਿਬਾਨ ਦੇ ਸੀਨੀਅਰ ਨੇਤਾ ਸ਼ੇਰ ਮੁਹੰਮਦ ਅੱਬਾਸ ਸਤਾਨਿਕਜਈ ਨੇ ਪਸ਼ਤੋ ਭਾਸ਼ਾ ਵਿਚ ਜਾਰੀ 46 ਮਿੰਟ ਦੇ ਇਕ ਵੀਡੀਓ ਸੰਦੇਸ਼ ਵਿਚ ਇਹ ਗੱਲ ਕਹੀ ਹੈ। ਇਹ ਵੀਡੀਓ ਸੰਗਠਨ ਦੇ ਸੋਸ਼ਲ ਮੀਡੀਆ ਗਰੁੱਪ ’ਤੇ ਅਤੇ ਅਫ਼ਗਾਨਿਸਤਾਨ ਦੇ ਮਿਲੀ ਟੈਲੀਵਿਜਨ ’ਤੇ ਜਾਰੀ ਕੀਤੀ ਗਈ ਹੈ। ਸਤਾਨਿਕਜਈ ਨੇ ਵੀਡੀਓ ਸੰਦੇਸ਼ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਕਿ ਉਹ ਆਪਣੇ ਦੋ-ਪੱਖੀ ਝਗੜੇ ਵਿਚ ਅਫ਼ਗਾਨਿਸਤਾਨ ਨੂੰ ਨਾ ਖਿੱਚੇ। ਇਹ ਗੱਲ ਗਲਤ ਹੈ ਕਿ ਤਾਲਿਬਾਨ ਪਾਕਿਸਤਾਨ ਨਾਲ ਮਿਲਕੇ ਭਾਰਤ ਖਿਲਾਫ਼ ਕੰਮ ਕਰ ਸਕਦਾ ਹੈ। ਸਾਡੇ ਵਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਅਸੀਂ ਸਾਰੇ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਚਾਹੁੰਦੇ ਹਨ।

ਇਹ ਵੀ ਪੜ੍ਹੋ: ਤਾਲਿਬਾਨ ਦੀ ਚਿਤਾਵਨੀ, 31 ਅਗਸਤ ਤੋਂ ਬਾਅਦ US ਨੂੰ ਅਫ਼ਗਾਨਿਸਤਾਨ ’ਤੇ ਹਮਲੇ ਦਾ ਨਹੀਂ ਹੋਵੇਗਾ ਕੋਈ ਅਧਿਕਾਰ

ਪਾਕਿਸਤਾਨ ਨੂੰ ਝਟਕਾ
ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਤਾਲਿਬਾਨ ਨਾਲ ਮਿਲਕੇ ਭਾਰਤ ਦੇ ਖਿਲਾਫ਼ ਸਾਜਿਸ਼ ਰਚ ਸਕਦਾ ਹੈ। ਹੁਣ ਤਾਲਿਬਾਨ ਨੇ ਹੀ ਇਹ ਕਹਿ ਕੇ ਕਿ ਉਹ ਭਾਰਤ ਨਾਲ ਚੰਗੇ ਰਿਸ਼ਤੇ ਰੱਖਣਾ ਚਾਹੁੰਦਾ ਹੈ, ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਤਾਲਿਬਾਨ ਨੇ ਸਾਫ਼ ਕੀਤਾ ਹੈ ਕਿ ਉਹ ਗੁਆਂਢੀ ਦੇਸ਼ਾਂ ਨਾਲ ਚੰਗੇ ਰਿਸ਼ਤੇ ਰੱਖਣਾ ਚਾਹੁੰਦਾ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਵੀ ਕਈ ਵਾਰ ਇਹ ਗੱਲ ਦੋਹਰਾ ਚੁੱਕੇ ਹਨ ਕਿ ਤਾਲਿਬਾਨ, ਅਫ਼ਗਾਨਿਸਤਾਨ ਦੀ ਜ਼ਮੀਨ ਨੂੰ ਕਿਸੇ ਵੀ ਦੂਸਰੇ ਦੇਸ਼ ਖਿਲਾਫ਼ ਇਸਤੇਮਾਲ ਨਹੀਂ ਕਰਨ ਦੇਵੇਗਾ। ਮੁਜਾਹਿਦ ਨੇ ਕਿਹਾ ਕਿ ਸਾਡਾ ਸਿਧਾਂਤ ਇਹ ਹੈ ਕਿ ਅਸੀਂ ਕਿਸੇ ਹੋਰ ਦੇਸ਼ ਵਿਚ ਸ਼ਾਂਤੀ ਨੂੰ ਨਸ਼ਟ ਕਰਨ ਲਈ ਆਪਣੀ ਧਰਤੀ ਦੀ ਵਰਤੋਂ ਕਿਸੇ ਨੂੰ ਨਹੀਂ ਕਰਨ ਦੇਵਾਂਗੇ।

ਵੇਟ ਐਂਡ ਵਾਚ ਦੀ ਰਣਨੀਤੀ ’ਤੇ ਭਾਰਤ
ਤਾਲਿਬਾਨ ਵਲੋਂ ਭਾਰਤ ਨਾਲ ਵਪਾਰਕ ਅਤੇ ਸਿਆਸੀ ਸਬੰਧਾਂ ਨੂੰ ਸੁਧਾਰਨ ਦੀ ਗੱਲ ’ਤੇ ਭਾਰਤ ਨੇ ਵੇਟ ਐਂਡ ਵਾਚ ਦੀ ਨੀਤੀ ਅਪਨਾਈ ਹੋਈ ਹੈ। ਭਾਰਤ ਤਾਲਿਬਾਨ ਦੇ ਇਸ ਪੈਂਤਰੇ ’ਤੇ ਅਫ਼ਗਾਨਿਸਤਾਨ ਵਿਚ ਤਾਲਿਬਾਨੀਆਂ ਦੀ ਕਥਨੀ ਅਤੇ ਕਰਨੀ ਨੂੰ ਧਿਆਨ ਵਿਚ ਰੱਖ ਕੇ ਹੀ ਕੋਈ ਫ਼ੈਸਲਾ ਲਵੇਗਾ। ਹਾਲਾਂਕਿ ਭਾਰਤ ਵਲੋਂ ਤਾਲਿਬਾਨ ਦੇ ਇਕ ਰਵੱਈਏ ’ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ: ਦੁਬਈ ਨੇ ਇਨ੍ਹਾਂ ਸ਼ਰਤਾਂ ਨਾਲ ਭਾਰਤੀਆਂ ਨੂੰ ਟੂਰਿਸਟ ਵੀਜ਼ਾ ਦੇਣਾ ਕੀਤਾ ਸ਼ੁਰੂ

‘ਭਾਰਤ ਵਲੋ ਅਫ਼ਗਾਨਿਸਤਾਨ ’ਚ ਕਰਵਾਏ ਵਿਕਾਸ ਕਾਰਜਾਂ ਨਾਲ ਪ੍ਰਭਾਵਿਤ ਤਾਲਿਬਾਨ’
ਇਸ ਤੋਂ ਪਹਿਲਾਂ ਇਕ ਹੋਰ ਤਾਲਿਬਾਨੀ ਨੇਤਾ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਭਾਰਤ ਦੀ ਸ਼ਲਾਘਾ ਕਰ ਚੁੱਕਾ ਹੈ। ਮੌਲਵੀ ਜਿਯਾਉਲ ਹੱਕਮਲ ਨਾਂ ਦੇ ਇਕ ਨੇਤਾ ਨੇ ਕਿਹਾ ਕਿ ਭਾਰਤ ਵਲੋਂ ਅਫ਼ਗਾਨਿਸਤਾਨ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਨਾਲ ਤਾਲਿਬਾਨ ਦਾ ਇਕ ਵੱਡਾ ਗੁੱਟ ਪ੍ਰਭਾਵਿਤ ਹੈ। ਉਹ ਮੰਨਦੇ ਹਨ ਕਿ ਭਾਰਤ ਅਫ਼ਗਾਨਿਸਤਾਨ ਦੇ ਹਿੱਤਾਂ ਬਾਰੇ ਸੋਚਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News