ਲੁੱਟੇ ਅਮਰੀਕੀ ਹਥਿਆਰਾਂ ਦਾ ਜ਼ਖੀਰਾ ਪਾਕਿਸਤਾਨ ਭੇਜ ਰਿਹਾ ਤਾਲਿਬਾਨ, ਭਾਰਤ ਲਈ ਵਧੇਗਾ ਖਤਰਾ!
Wednesday, Aug 25, 2021 - 04:08 PM (IST)
ਇੰਟਰਨੈਸ਼ਨਲ ਡੈਸਕ– ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਅਰਬਾਂ ਰੁਪਏ ਦੇ ਅਮਰੀਕੀ ਹਥਿਆਰ ਆਪਣੇ ਆਗੂਆਂ ਤਕ ਪਾਕਿਸਤਾਨ ਨੂੰ ਪਹੁੰਚਾਉਣ ’ਚ ਜੁਟ ਗਏ ਹਨ। ਅਮਰੀਕਾ ਨੇ ਅਫਗਾਨ ਆਰਮੀ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਸੀ, ਜੋ ਹੁਣ ਤਾਲਿਬਾਨੀਆਂ ਦੇ ਹੱਥ ਲੱਗ ਗਏ ਹਨ। ਤਾਲਿਬਾਨ ਇਨ੍ਹਾਂ ਹਥਿਆਰਾਂ ਨੂੰ ਪਾਕਿਸਤਾਨ ਸਪਲਾਈ ਕਰ ਰਿਹਾ ਹੈ ਜੋ ਭਾਰਤ ਲਈ ਵੱਡੇ ਖਤਰੇ ਦੀ ਘੰਟੀ ਹੋ ਸਕਦਾ ਹੈ। ਦਿ ਮਿਰਰ ਨੇ ਇਸ ਹਫਤੇ ਖੁਲਾਸਾ ਕੀਤਾ ਕਿ ਕਿਵੇਂ ਅਮਰੀਕਾ ਅਫਗਾਨਿਸਤਾਨ ’ਚ ਅਰਬਾਂ ਪੌਂਡ ਦੇ ਹਥਿਆਰ ਅਤੇ ਉਪਕਰਣ ਛੱਡ ਗਿਆ ਹੈ, ਜਿਸ ਦਾ ਜ਼ਿਆਦਾਤਰ ਹਿੱਸਾ ਹੁਣ ਤਾਲਿਬਾਨ ਦੇ ਹੱਥਾਂ ’ਚ ਹੈ ਅਤੇ ਤਾਲਿਬਾਨ ਇਸ ਨੂੰ ਹੁਣ ਪਾਕਿਸਤਾਨ ਨੂੰ ਵੇਚ ਰਿਹਾ ਹੈ।
ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਤੋਂ ਬਾਅਦ ਦੁਨੀਆ ਦੀ ਨਜ਼ਰ ਅਫਗਾਨਿਸਤਾਨ ’ਤੇ ਹੈ। ਅਜਿਹੇ ’ਚ ਤਾਲਿਬਾਨ ਦੁਆਰਾ ਪਾਕਿਸਤਾਨ ਨੂੰ ਅਮਰੀਕੀ ਹਥਿਆਰ ਸਪਲਾਈ ਕਰਨਾ ਭਾਰਤ ਸਮੇਤ ਦੂਜੇ ਗੁਆਂਢੀ ਦੇਸ਼ਾਂ ਲਈ ਵੀ ਚੰਗੇ ਸੰਕੇਤ ਨਹੀਂ ਹਨ। ਦੇਸ਼ ਦੇ ਸੀਨੀਅਰ ਫੌਜੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੁੱਟਿਆ ਗਿਆ ਅਮਰੀਕੀ ਹਥਿਆਰਾਂ ਦਾ ਜ਼ਖੀਰਾ ਪਾਕਿਸਤਾਨੀ ਖੁਫੀਆ ਏਜੰਸੀ (ISI) ਦੇ ਪਾਲੇ ਹੋਏ ਅੱਤਵਾਦੀ ਸੰਗਠਨ ਪਹਿਲਾਂ ਪਾਕਿਸਤਾਨ ’ਚ ਹਿੰਸਾ ਫੈਲਾਉਣ ਲਈ ਕਰਨਗੇ, ਫਿਰ ਉਨ੍ਹਾਂ ਦਾ ਰੁਖ ਭਾਰਤ ਵਲ ਹੋ ਸਕਦਾ ਹੈ। ਸੀਨੀਅਰ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਇਹ ਹਥਿਆਰ ਭਾਰਤ ’ਚ ਸੰਚਾਲਿਤ ਅੱਤਵਾਦੀ ਸਮੂਹਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਸੁਰੱਖਿਆ ਫੋਰਸ ਉਨ੍ਹਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।