ਅਫ਼ਗਾਨਿਸਤਾਨ 'ਚ ਤੰਗਹਾਲੀ ਤੋਂ ਬੇਹਾਲ ਤਾਲਿਬਾਨ ਨੇ ਅਮਰੀਕਾ ਤੋਂ ਮੰਗੀ ਮਦਦ, ਕਿਹਾ- ਜ਼ਬਤ ਕੀਤੇ ਪੈਸੇ ਹੀ ਦੇ ਦਿਓ
Wednesday, Dec 01, 2021 - 05:33 PM (IST)
ਇੰਟਰਨੈਸ਼ਨਲ ਡੈਸਕ— ਅਫ਼ਗਾਨਿਸਤਾਨ 'ਚ ਤੰਗਹਾਲੀ ਝੱਲ ਰਹੇ ਤਾਲਿਬਾਨ ਨੇ ਦੋਹਾ 'ਚ ਅਮਰੀਕਾ ਨਾਲ ਚੱਲ ਰਹੀ ਗੱਲਬਾਤ ਦੌਰਾਨ ਇਕ ਵਾਰ ਫਿਰ ਵਾਸ਼ਿੰਗਟਨ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਹੈ। ਤਾਲਿਬਾਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ 'ਚ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ 'ਚ ਸਿਰਫ਼ ਫਰੀਜ਼ ਫੰਡ ਯਾਨੀ ਜ਼ਬਤ ਧਨ ਹੀ ਜਾਰੀ ਕਰ ਦਿਓ। ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਆਮੀਰ ਖਾਨ ਮੁਤਾਕੀ ਅਤੇ ਅਫ਼ਗਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਟੌਮ ਵੈਸਟ ਦੀ ਅਗਵਾਈ ਵਿਚ ਹੋਈਆਂ ਮੀਟਿੰਗਾਂ ਵਿਚ ਤਾਲਿਬਾਨ ਨੇ ਕਾਲੀ ਸੂਚੀ ਅਤੇ ਪਾਬੰਦੀਆਂ ਨੂੰ ਵੀ ਖ਼ਤਮ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਓਮੀਕਰੋਨ ਦਾ ਖ਼ੌਫ: ਅੰਤਰਰਾਸ਼ਟਰੀ ਯਾਤਰੀਆਂ 'ਤੇ ਇਹ ਸਖ਼ਤ ਨਿਯਮ ਲਾਗੂ ਕਰ ਸਕਦੈ ਅਮਰੀਕਾ
ਤਾਲਿਬਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਬਦੁਲ ਕਹਾਰ ਬਾਲਖੀ ਨੇ ਦੱਸਿਆ ਕਿ ਦੋਵਾਂ ਵਫਦਾਂ ਨੇ ਰਾਜਨੀਤਕ, ਆਰਥਿਕ, ਮਨੁੱਖਤਾ, ਸਿਹਤ, ਸਿੱਖਿਆ ਅਤੇ ਸੁਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ ਹੈ। ਅਫ਼ਗਾਨ ਵਫ਼ਦ ਨੇ ਅਮਰੀਕੀ ਪੱਖ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਅਤੇ ਅਪੀਲ ਕੀਤੀ ਕਿ ਅਫ਼ਗਾਨਿਸਤਾਨ ਦੇ ਜ਼ਬਤ ਪੈਸਿਆਂ ਨੂੰ ਬਿਨਾਂ ਸ਼ਰਤ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨੁੱਖੀ ਮੁੱਦਿਆਂ ਨੂੰ ਸਿਆਸੀ ਮੁੱਦਿਆਂ ਤੋਂ ਵੱਖ ਰੱਖਣ ਦੀ ਗੱਲ ਕਹੀ ਹੈ। ਦੱਸ ਦਈਏ ਕਿ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵਾਸ਼ਿੰਗਟਨ ਨੇ ਅਫ਼ਗਾਨਿਸਤਾਨ ਦੇ ਕੇਂਦਰੀ ਬੈਂਕ ਨਾਲ ਸਬੰਧਤ ਲਗਭਗ 7,11,820 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਸੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਨੇ ਵੀ ਅਗਸਤ ਵਿਚ ਆਈ.ਐੱਮ.ਐੱਫ. ਵੱਲੋਂ ਜਾਰੀ ਕੀਤੇ ਗਏ ਨਵੇਂ ਭੰਡਾਰ ਵਿਚ ਸਹਾਇਤਾ ਦੇ ਨਾਲ-ਨਾਲ 2550 ਕਰੋੜ ਰੁਪਏ ਦੀ ਸਹਾਇਤਾ ਰੋਕ ਦਿੱਤੀ ਸੀ।
ਇਹ ਵੀ ਪੜ੍ਹੋ : ਕਿਸਾਨਾਂ ਦੀ ਜਿੱਤ 'ਤੇ UK ਦੀ MP ਪ੍ਰੀਤ ਗਿੱਲ ਨੇ ਦਿੱਤੀ ਵਧਾਈ, ਦੱਸਿਆ ਸਭ ਤੋਂ ਵੱਡਾ ਸਮਾਜਿਕ ਅੰਦੋਲਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।