ਤਾਲਿਬਾਨ ਦਾ ਖੁਲਾਸਾ : ਅਫ਼ਗਾਨ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਕਤਰਾ ਰਹੇ ਅੰਤਰਰਾਸ਼ਟਰੀ ਜਹਾਜ਼
Thursday, Jan 06, 2022 - 07:24 PM (IST)
ਕਾਬੁਲ : ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਬਹੁਤ ਖ਼ਰਾਬ ਸਥਿਤੀ ’ਚੋਂ ਲੰਘ ਰਿਹਾ ਹੈ। ਅਫ਼ਗਾਨਿਸਤਾਨ ਦੇ ਲੋਕ ਭਿਆਨਕ ਆਰਥਿਕ ਸੰਕਟ ’ਚੋਂ ਗੁਜ਼ਰ ਰਹੇ ਹਨ। ਤਾਲਿਬਾਨ ਸਰਕਾਰ ਦੀ ਆਮਦਨ ਦੇ ਸਰੋਤ ਉਧਰ, ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਜਹਾਜ਼ ਅਫ਼ਗਾਨਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਕਤਰਾ ਰਹੇ ਹਨ। ਅਫ਼ਗਾਨਿਸਤਾਨ ਦੇ ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਉਪ ਨਿਰਦੇਸ਼ਕ ਗੁਲਾਮ ਜੇਲਾਨੀ ਵਫਾ ਮੁਤਾਬਕ ਹਾਲ ਦੇ ਮਹੀਨਿਆਂ ’ਚ ਇਸ ਵਿਚ 80 ਫੀਸਦੀ ਦੀ ਕਮੀ ਆਈ ਹੈ ਅਤੇ ਇਸ ਦਾ ਅਸਰ ਅਫ਼ਗਾਨ ਸਰਕਾਰ ਦੀ ਆਮਦਨ ’ਤੇ ਵੀ ਪਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਵਾਈ ਖੇਤਰ ’ਚੋਂ ਲੰਘਣ ਵਾਲੇ ਹਰ ਵਿਦੇਸ਼ੀ ਜਹਾਜ਼ ਤੋਂ ਸਰਕਾਰ ਨੂੰ 700 ਡਾਲਰ ਦੀ ਆਮਦਨ ਹੁੰਦੀ ਹੈ। ਦੂਜੇ ਪਾਸੇ ਸਾਬਕਾ ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਇਮਾਮੂਦੀਨ ਵਰਿਮਾਚ ਨੇ ਕਿਹਾ ਕਿ ਅੰਤਰਰਾਸ਼ਟਰੀ ਏਅਰਲਾਈਨਜ਼ ਅਫ਼ਗਾਨਿਸਤਾਨ ਦੇ ਹਵਾਈ ਖੇਤਰ ਨੂੰ ਸੁਰੱਖਿਅਤ ਨਹੀਂ ਮੰਨਦੀਆਂ, ਇਸ ਲਈ ਇਸ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਦੀਆਂ ਹਨ।
ਡਿਪਟੀ ਡਾਇਰੈਕਟਰ ਗੁਲਾਮ ਜੈਲਾਨੀ ਵਫਾ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ 24 ਘੰਟਿਆਂ ’ਚ 60-70 ਜਹਾਜ਼ ਅਫ਼ਗਾਨ ਹਵਾਈ ਖੇਤਰ ’ਚੋਂ ਲੰਘਦੇ ਹਨ। ਦੇਸ਼ ਦੇ ਹਵਾਈ ਅੱਡਿਆਂ ਦਾ ਤਕਨੀਕੀ ਪ੍ਰਬੰਧ ਵਿਦੇਸ਼ੀ ਕੰਪਨੀ ਕੋਲ ਹੈ। ਇਸ ਨਾਲ ਜਹਾਜ਼ਾਂ ਲਈ ਅਫ਼ਗਾਨ ਹਵਾਈ ਖੇਤਰ ਦੀ ਵਰਤੋਂ ਮਹਿੰਗੀ ਪੈਂਦੀ ਹੈ। ਤਾਲਿਬਾਨ ਸਰਕਾਰ ਵਿਦੇਸ਼ੀ ਕੰਪਨੀ ਨਾਲ ਸੰਵਾਦ ਕਰ ਰਹੀ ਹੈ ਕਿ ਦੇਸ਼ ਦੇ ਹਵਾਈ ਅੱਡਿਆਂ ਦਾ ਤਕਨੀਕੀ ਪ੍ਰਬੰਧਨ ਅਫ਼ਗਾਨ ਸਰਕਾਰ ਨੂੰ ਸੌਂਪਿਆ ਜਾਵੇ। ਇਸ ਤੋਂ ਬਾਅਦ ਅਸੀਂ ਚੰਗੀਆਂ ਅਤੇ ਕਿਫ਼ਾਇਤੀ ਸੇਵਾਵਾਂ ਦੇਵਾਂਗੇ। ਮੀਡੀਆ ਰਿਪੋਰਟਾਂ ਮੁਤਾਬਕ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਭਾਵੇਂ ਹੀ ਆਪਣੀ ਸਰਕਾਰ ਨੂੰ ਅੰਤਰਰਾਸ਼ਟਰੀ ਮਾਨਤਾ ਦਿਵਾਉਣ ਦੀ ਗੁਹਾਰ ਲਗਾ ਰਿਹਾ ਹੈ ਪਰ ਉਸ ਦੀ ਕਾਰਜਸ਼ੈਲੀ ਅਤੇ ਰਣਨੀਤੀ ਪਹਿਲਾਂ ਵਾਂਗ ਹੀ ਹੈ। ਪਿਛਲੀ ਸਰਕਾਰ ਦੀ ਤਰ੍ਹਾਂ ਇਸ ਵਾਰ ਵੀ ਤਾਲਿਬਾਨ ਨੇ ਆਪਣੀ ਫੌਜ ਵਿੱਚ ਵਿਸ਼ੇਸ਼ ਆਤਮਘਾਤੀ ਬਟਾਲੀਅਨ ਬਣਾਉਣ ਦਾ ਐਲਾਨ ਕੀਤਾ ਹੈ। ਖਾਮਾ ਪ੍ਰੈੱਸ ਦੇ ਅਨੁਸਾਰ ਕਾਰਜਕਾਰੀ ਸਰਕਾਰ ਦੇ ਸੂਚਨਾ ਅਤੇ ਸੱਭਿਆਚਾਰ ਉਪ ਮੰਤਰੀ ਅਤੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਆਤਮਘਾਤੀ ਬਟਾਲੀਅਨ ਵਿਸ਼ੇਸ਼ ਬਲਾਂ ਦਾ ਹਿੱਸਾ ਹੋਵੇਗੀ ਅਤੇ ਰੱਖਿਆ ਮੰਤਰਾਲੇ ਦੇ ਅਧੀਨ ਕੰਮ ਕਰੇਗੀ। ਇਸ ਦੀ ਵਰਤੋਂ ਵਿਸ਼ੇਸ਼ ਕਾਰਵਾਈਆਂ ਦੌਰਾਨ ਕੀਤੀ ਜਾਵੇਗੀ। ਤਾਲਿਬਾਨੀ ਫੌਜ ’ਚ ਔਰਤਾਂ ਦੀ ਮੌਜੂਦਗੀ ਦੇ ਸਵਾਲ ’ਤੇ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਰੂਰਤ ਮੁਤਾਬਕ ਨਿਯੁਕਤ ਕੀਤਾ ਜਾਵੇਗਾ।