ਰਮਜ਼ਾਨ ਦੇ ਮਹੀਨੇ FM ''ਤੇ ਗੀਤ ਚਲਾਉਣਾ ਵੀ ਗੁਨਾਹ! ਤਾਲਿਬਾਨ ਨੇ ਔਰਤਾਂ ਦਾ ਰੇਡੀਓ ਸਟੇਸ਼ਨ ਕੀਤਾ ਬੰਦ
Sunday, Apr 02, 2023 - 02:46 AM (IST)

ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ 'ਚ ਤਾਲਿਬਾਨ ਸਰਕਾਰ ਨੇ ਰਮਜ਼ਾਨ ਦੇ ਮਹੀਨੇ ਵਿੱਚ ਸੰਗੀਤ ਵਜਾਉਣ ਦੇ ਜੁਰਮ ਵਿੱਚ ਔਰਤਾਂ ਦੁਆਰਾ ਚਲਾਏ ਜਾਣ ਵਾਲੇ ਇਕ ਰੇਡੀਓ ਸਟੇਸ਼ਨ ਨੂੰ ਬੰਦ ਕਰ ਦਿੱਤਾ ਹੈ। ਇਹ ਜਾਣਕਾਰੀ ਤਾਲਿਬਾਨ ਦੇ ਅਧਿਕਾਰੀ ਨੇ ਦਿੱਤੀ ਹੈ। ਔਰਤਾਂ ਦੁਆਰਾ ਚਲਾਏ ਜਾਣ ਵਾਲੇ ਰੇਡੀਓ ਸਟੇਸ਼ਨ ਦਾ ਨਾਂ 'ਸਦਈ ਬਾਨੋਵਾਨ' ਹੈ, ਜਿਸ ਦਾ ਅਰਥ ਹੈ 'ਔਰਤਾਂ ਦੀ ਆਵਾਜ਼'।
ਇਹ ਵੀ ਪੜ੍ਹੋ : ਈਰਾਨ ਸਰਹੱਦ ਦੇ ਕੋਲ ਅੱਤਵਾਦੀ ਹਮਲਾ, ਪਾਕਿਸਤਾਨ ਦੇ 4 ਫੌਜੀਆਂ ਦੀ ਮੌਤ
ਔਰਤਾਂ ਦਾ ਇਹ ਰੇਡੀਓ ਸਟੇਸ਼ਨ ਕਰੀਬ 10 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵਿੱਚ ਕੁਲ 8 ਲੋਕਾਂ ਦਾ ਸਟਾਫ਼ ਹੈ, ਜਿਨ੍ਹਾਂ 'ਚ 6 ਔਰਤਾਂ ਹਨ। ਬਦਖਸ਼ਾਨ ਪ੍ਰਾਂਤ ਵਿੱਚ ਸੂਚਨਾ ਅਤੇ ਸੰਸਕ੍ਰਿਤੀ ਦੇ ਨਿਰਦੇਸ਼ਕ ਮੋਈਜ਼ੂਦੀਨ ਅਹਿਮਦੀ ਨੇ ਕਿਹਾ ਕਿ ਰੇਡੀਓ ਸਟੇਸ਼ਨ ਨੇ "ਇਸਲਾਮੀ ਅਮੀਰਾਤ ਦੇ ਨਿਯਮਾਂ" ਦੀ ਕਈ ਵਾਰ ਉਲੰਘਣਾ ਕੀਤੀ ਹੈ। ਰਮਜ਼ਾਨ ਦੇ ਮਹੀਨੇ ਦੌਰਾਨ ਔਰਤਾਂ ਨੇ ਰੇਡੀਓ ਸਟੇਸ਼ਨ 'ਤੇ ਕਈ ਵਾਰ ਗਾਣੇ ਚਲਾਏ ਹਨ।
ਇਹ ਵੀ ਪੜ੍ਹੋ : ਪੋਰਨ ਸਟਾਰ ਸਕੈਂਡਲ : ਆਤਮ-ਸਮਰਪਣ ਕਰਨ ’ਤੇ ਟ੍ਰੰਪ ਨੂੰ ਨਹੀਂ ਲੱਗੇਗੀ ਹੱਥਕੜੀ
ਅਹਿਮਦੀ ਨੇ ਕਿਹਾ ਕਿ ਜੇਕਰ ਇਹ ਰੇਡੀਓ ਸਟੇਸ਼ਨ ਇਸਲਾਮਿਕ ਅਮੀਰਾਤ ਅਫਗਾਨਿਸਤਾਨ ਦੀਆਂ ਨੀਤੀਆਂ ਦੀ ਪਾਲਣਾ ਕਰਦਾ ਹੈ ਅਤੇ ਗਾਰੰਟੀ ਦਿੰਦਾ ਹੈ ਕਿ ਉਹ ਦੁਬਾਰਾ ਅਜਿਹਾ ਕੰਮ ਨਹੀਂ ਕਰੇਗਾ ਤਾਂ ਉਹ ਇਸ ਨੂੰ ਪਹਿਲਾਂ ਵਾਂਗ ਦੁਬਾਰਾ ਚਲਾਉਣ ਦੀ ਇਜਾਜ਼ਤ ਦੇ ਦੇਣਗੇ। ਰੇਡੀਓ ਸਟੇਸ਼ਨ ਦੀ ਮੁਖੀ ਨਾਜ਼ੀਆ ਸੋਰੋਸ਼ ਨੇ ਆਪਣੇ ਰੇਡੀਓ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਨੂੰ ਬੰਦ ਕਰਨ ਦੀ ਕੋਈ ਲੋੜ ਨਹੀਂ ਸੀ। ਉਨ੍ਹਾਂ ਨੇ ਇਸ ਨੂੰ ਆਪਣੇ ਖ਼ਿਲਾਫ਼ ਸਾਜ਼ਿਸ਼ ਕਰਾਰ ਦਿੱਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।