ਅਫਗਾਨਿਸਤਾਨ ''ਚ ''ਕੀਮਤੀ ਪੱਥਰਾਂ'' ਦੀ ਤਸਕਰੀ ਦੇ ਦੋਸ਼ ''ਚ 2 ਚੀਨੀ ਨਾਗਰਿਕ ਗ੍ਰਿਫ਼ਤਾਰ
Thursday, Jan 26, 2023 - 11:39 AM (IST)
ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ ਦੇ ਜਲਾਲਾਬਾਦ 'ਚ ਤਾਲਿਬਾਨ ਨੇ 1000 ਮੀਟ੍ਰਿਕ ਟਨ ਲਿਥੀਅਮ ਨਾਲ ਭਰਪੂਰ ਚੱਟਾਨਾਂ ਦੀ ਤਸਕਰੀ ਦੇ ਦੋਸ਼ 'ਚ ਦੋ ਚੀਨੀ ਨਾਗਰਿਕਾਂ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੀਨੀ ਨਾਗਰਿਕ ਕਥਿਤ ਤੌਰ 'ਤੇ ਅਫਗਾਨ ਸਹਿਯੋਗੀਆਂ ਰਾਹੀਂ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਤੋਂ ਚੀਨ ਤਕ 'ਕੀਮਤੀ' ਪੱਥਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਮੀਡੀਆ ਰਿਪੋਰਟਰ ਦੇ ਅਨੁਸਾਰ, ਗ੍ਰਿਫ਼ਤਾਰੀ ਅਤੇ ਪੱਥਰ ਜ਼ਬਤ ਪੂਰਬੀ ਅਫਗਾਨਿਸਤਾਨ ਦੇ ਇੱਕ ਸਰਹੱਦੀ ਸ਼ਹਿਰ ਜਲਾਲਾਬਾਦ 'ਚ ਹੋਈ। ਜਾਣਕਾਰੀ ਮੁਤਾਬਕ ਇਨ੍ਹਾਂ ਚੱਟਾਨਾਂ 'ਚ 30 ਫੀਸਦੀ ਤੱਕ ਲਿਥੀਅਮ ਹੁੰਦਾ ਹੈ।
ਅਫਗਾਨ ਟੈਲੀਵਿਜ਼ਨ ਚੈਨਲਾਂ ਦੁਆਰਾ ਐਤਵਾਰ ਨੂੰ ਪ੍ਰਸਾਰਿਤ ਟਿੱਪਣੀਆਂ 'ਚ, ਤਾਲਿਬਾਨ ਦੇ ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਚੀਨੀ ਨਾਗਰਿਕ ਅਤੇ ਉਨ੍ਹਾਂ ਦੇ ਅਫਗਾਨ ਸਹਿਯੋਗੀ ਗੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ਰਾਹੀਂ ਚੀਨ 'ਚ ਕੀਮਤੀ ਪੱਥਰਾਂ ਨੂੰ ਲਿਜਾਣ ਦੀ ਯੋਜਨਾ ਬਣਾ ਰਹੇ ਹਨ। ਦੱਸ ਦੇਈਏ ਕਿ 12 ਦਸੰਬਰ ਨੂੰ ਕਾਬੁਲ 'ਚ ਇੱਕ ਹੋਟਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਅਤੇ ਬੰਦੂਕ ਹਮਲੇ 'ਚ ਪੰਜ ਚੀਨੀ ਨਾਗਰਿਕਾਂ ਦੇ ਜ਼ਖਮੀ ਹੋਣ ਦੀ ਘਟਨਾ ਤੋਂ ਬਾਅਦ ਚੀਨ ਅਤੇ ਅਫਗਾਨਿਸਤਾਨ ਦੇ ਸਬੰਧਾਂ 'ਚ ਤਣਾਅ ਚੱਲ ਰਿਹਾ ਹੈ। ਇਸ ਹਮਲੇ ਕਾਰਨ ਚੀਨ ਨੇ ਆਪਣੇ ਨਾਗਰਿਕਾਂ ਨੂੰ ਅਫਗਾਨਿਸਤਾਨ ਛੱਡਣ ਲਈ ਕਿਹਾ ਹੈ।