ਤਾਲਿਬਾਨ ਨੇ ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਐਮਰਜੈਂਸੀ ਦਾ ਕੀਤਾ ਐਲਾਨ

Thursday, Jan 06, 2022 - 11:59 AM (IST)

ਤਾਲਿਬਾਨ ਨੇ ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਐਮਰਜੈਂਸੀ ਦਾ ਕੀਤਾ ਐਲਾਨ

ਕਾਬੁਲ (ਭਾਸ਼ਾ)- ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ ਅਤੇ ਸੂਬਾਈ ਅਧਿਕਾਰੀਆਂ ਨੂੰ ਖ਼ਰਾਬ ਮੌਸਮ ਲਈ ਤਿਆਰ ਰਹਿਣ ਦੇ ਨਿਰਦੇਸ਼ ਵੀ ਦਿੱਤੇ ਹਨ।

ਖਾਮਾ ਪ੍ਰੈਸ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਰੇਡੀਓ ਫ੍ਰੀ ਆਫ ਅਫ਼ਗਾਨਿਸਤਾਨ (ਆਰ.ਈ.ਐੱਫ./ਆਰ.ਐੱਲ.) ਨਾਲ ਗੱਲ ਕਰਦੇ ਹੋਏ, ਆਫ਼ਤ ਪ੍ਰਬੰਧਨ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਸੂਬਿਆਂ ਵਿਚ ਸਮੱਗਰੀ ਭੇਜੀ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਉਹ ਜਨਤਕ ਕਾਰਜ ਮੰਤਰਾਲਾ ਅਤੇ ਨਿੱਜੀ ਫਰਮਾਂ ਦੇ ਸੰਪਰਕ ਵਿਚ ਹਨ ਤਾਂ ਜੋ ਭਾਰੀ ਬਰਫ਼ਬਾਰੀ ਕਾਰਨ ਬੰਦ ਹੋਈਆਂ ਸੜਕਾਂ ਨੂੰ ਤੁਰੰਤ ਸਾਫ਼ ਕੀਤਾ ਜਾ ਸਕੇ। ਅਫ਼ਗਾਨਿਸਤਾਨ ਦੀ ਰਾਜਧਾਨੀ ਨੂੰ ਉੱਤਰੀ ਸੂਬਿਆਂ ਨਾਲ ਜੋੜਨ ਵਾਲੇ ਸਲੰਗ ਹਾਈਵੇਅ ਦਾ ਭਾਰੀ ਬਰਫ਼ਬਾਰੀ ਕਾਰਨ ਸੰਪਰਕ ਟੁੱਟ ਗਿਆ ਹੈ।

ਅਫ਼ਗਾਨਿਸਤਾਨ ਦੇ 34 ਵਿਚੋਂ 32 ਸੂਬਿਆਂ ਵਿਚ ਬਰਫ਼ਬਾਰੀ ਅਤੇ ਮੀਂਹ ਪਿਆ ਹੈ, ਜਿਸ ਕਾਰਨ ਰਸਤੇ ਬੰਦ ਹੋ ਗਏ ਹਨ ਅਤੇ ਹੜ੍ਹ ਦੀ ਸਥਿਤੀ ਬਣ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਸੀ ਕਿ ਭਾਰੀ ਬਰਫ਼ਬਾਰੀ ਕਾਰਨ ਹੋਏ ਕਈ ਟ੍ਰੈਫਿਕ ਹਾਦਸਿਆਂ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ।


author

cherry

Content Editor

Related News