ਤਾਲਿਬਾਨ ਅਫਗਾਨਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇਣ ''ਤੇ ਸਹਿਮਤ, ਭਾਰਤ ਸਮੇਤ 100 ਦੇਸ਼ਾ ਦਾ ਸਾਂਝਾ ਬਿਆਨ

Monday, Aug 30, 2021 - 06:35 PM (IST)

ਕਾਬੁਲ (ਭਾਸ਼ਾ): ਭਾਰਤ ਸਮੇਤ ਲੱਗਭਗ 100 ਦੇਸ਼ਾਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਤਾਲਿਬਾਨ ਨੇ ਉਹਨਾਂ ਨਾਲ ਵਾਅਦਾ ਕੀਤਾ ਹੈ ਕਿ ਕਾਬੁਲ ਛੱਡ ਕੇ ਜਾਣ ਵਾਲੇ ਉਹਨਾਂ ਦੇ ਦੇਸ਼ਾਂ ਦੇ ਸਾਰੇ ਨਾਗਰਿਕਾਂ ਅਤੇ ਅਫਗਾਨ ਨਾਗਰਿਕਾਂ ਜਿਹਨਾਂ ਕੋਲ ਉਚਿਤ ਯਾਤਰਾ ਦਸਤਾਵੇਜ਼ ਹਨ, ਨੂੰ ਸੁਰੱਖਿਅਤ ਨਿਕਾਸੀ ਦੀ ਇਜਾਜ਼ਤ ਦਿੱਤੀ ਜਾਵੇਗੀ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹਨਾਂ ਦੇਸ਼ਾਂ ਨੇ ਤਾਲਿਬਾਨ ਵੱਲੋਂ ਵਿਦੇਸ਼ੀ ਅਤੇ ਅਫਗਾਨ ਨਾਗਰਿਕਾਂ ਨੂੰ ਦੇਸ਼ ਛੱਡਣ ਲਈ ਦਿੱਤੇ ਗਏ ਭਰੋਸੇ 'ਤੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ। ਸਾਂਝੇ ਬਿਆਨ ਵਿਚ ਇਹਨਾਂ ਸਾਰੇ ਦੇਸ਼ਾਂ ਨੇ ਦੱਸਿਆ ਕਿ ਉਹਨਾਂ ਨੂੰ ਤਾਲਿਬਾਨ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਸਾਰੇ ਵਿਦੇਸ਼ੀ ਨਾਗਰਿਕਾਂ ਅਤੇ ਕਿਸੇ ਹੋਰ ਦੇਸ਼ ਤੋਂ ਯਾਤਰਾ ਦੇ ਅਧਿਕਾਰ ਵਾਲੇ ਅਫਗਾਨ ਨਾਗਰਿਕਾਂ ਨੂੰ ਅਫਗਾਨਿਸਤਾਨ ਛੱਡਣ ਦੀ ਇਜਾਜ਼ਤ ਦੇਵੇਗਾ। ਇਹ ਬਿਆਨ ਅਫਗਾਨਿਸਤਾਨ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਡੈੱਡਲਾਈਨ ਦੇ ਠੀਕ ਇਕ ਦਿਨ ਪਹਿਲਾਂ ਆਇਆ ਹੈ।

ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਸਾਰੇ ਇਹ ਯਕੀਨੀ ਕਰਨ ਲਈ ਵਚਨਬੱਧ ਹਾਂ ਕਿ ਸਾਡੇ ਨਾਗਰਿਕ, ਵਸਨੀਕ, ਕਰਮਚਾਰੀ, ਅਫਗਾਨ ਜਿਹਨਾਂ ਨੇ ਸਾਡੇ ਨਾਲ ਕੰਮ ਕੀਤਾ ਹੈ ਅਤੇ ਜਿਹੜੇ ਖਤਰੇ ਵਿਚ ਹਨ, ਉਹ ਅਫਗਾਨਿਸਤਾਨ ਦੇ ਬਾਹਰ ਆਪਣੀਆਂ ਮੰਜ਼ਿਲਾਂ ਲਈ ਸੁਤੰਤਰ ਤੌਰ 'ਤੇ ਯਾਤਰਾ ਕਰਨਾ ਜਾਰੀ ਰੱਖ ਸਕਦੇ ਹਨ। ਨਾਲ ਹੀ ਕਿਹਾ ਕਿ ਅਸੀਂ ਨਾਮਜਦ ਅਫਗਾਨਾਂ ਨੂੰ ਯਾਤਰਾ ਦਸਤਾਵੇਜ਼ ਜਾਰੀ ਕਰਨਾ ਚਾਲੂ ਰੱਖਾਂਗੇ। ਸਾਨੂੰ ਤਾਲਿਬਾਨ ਤੋਂ ਸਪਸ਼ੱਟ ਆਸ ਅਤੇ ਵਚਨਬੱਧਤਾ ਹੈ ਕਿ ਉਹ ਸਾਡੇ ਸੰਬੰਧਤ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਦਾ ਨਵਾਂ ਫਰਮਾਨ, 'ਅਫੀਮ' ਦੀ ਖੇਤੀ 'ਤੇ ਲਗਾਈ ਰੋਕ

ਬਿਆਨ 'ਤੇ ਦਸਤਖ਼ਤ ਕਰਨ ਵਾਲੇ ਦੇਸ਼ਾਂ ਵਿਚ ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਰਮਨੀ, ਜਾਪਾਨ, ਨੀਦਰਲੈਂਡ, ਨਿਊਜ਼ੀਲੈਂਡ, ਯੂਕਰੇਨ, ਬ੍ਰਿਟੇਨ ਸ਼ਾਮਲ ਹਨ। ਇਹ ਸੰਯੁਕਤ ਬਿਆਨ ਤਾਲਿਬਾਨ ਵੱਲੋਂ ਜਨਤਕ ਬਿਆਨਾਂ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਸੀ। 100 ਦੇਸ਼ਾਂ ਦਾ ਇਹ ਬਿਆਨ ਤਾਲਿਬਾਨ ਦੇ ਰਾਜਨੀਤਕ ਦਫਤਰ ਵੱਲੋਂ ਐਲਾਨ ਕੀਤੇ ਜਾਣ ਦੇ ਇਕ ਦਿਨ ਬਾਅਦ ਆਇਆ ਹੈ ਜਿਸ ਵਿਚ ਉਸ ਨੇ ਕਿਹਾ ਕਿ ਦੇਸ਼ ਤੋਂ ਬਾਹਰ ਜਾਣ ਦੇ ਚਾਹਵਾਨ ਅਫਗਾਨ ਨਾਗਰਿਕਾਂ ਨੂੰ ਸਤਿਕਾਰਯੋਗ ਢੰਗ ਨਾਲ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼ਨੀਵਾਰ ਨੂੰ ਤਾਲਿਬਾਨ ਦੇ ਰਾਜਨੀਤਕ ਦਫਤਰ ਦੇ ਉਪ ਨਿਰਦੇਸ਼ਕ ਸ਼ੇਰ ਮੁਹੰਮਦ ਅੱਬਾਸ ਸਟਾਨਿਕਜਈ ਨੇ ਕਿਹਾ ਕਿ ਜਿਹੜਾ ਅਫਗਾਨ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ ਉਹ ਦੇਸ਼ ਵਿਚ ਵਪਾਰਕ ਉਡਾਣਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਬਾਅਦ ਪਾਸਪੋਰਟ ਅਤੇ ਵੀਜ਼ਾ ਜਿਹੇ ਕਾਨੂੰਨੀ ਦਸਤਾਵੇਜ਼ ਲੈ ਕੇ ਸਤਿਕਾਰਯੋਗ ਢੰਗ ਨਾਲ ਅਤੇ ਮਨ ਦੀ ਸ਼ਾਂਤੀ ਨਾਲ ਅਜਿਹਾ ਕਰ ਸਕਦੇ ਹਨ। 
 


Vandana

Content Editor

Related News