ਦੋ ਦਹਾਕਿਆਂ ’ਚ ਜ਼ਿਆਦਾ ਜ਼ਾਲਮ ਤੇ ਦਮਨਕਾਰੀ ਹੋਇਆ ਤਾਲਿਬਾਨ, ਸ਼ਾਂਤੀ ਦੀ ਨਹੀਂ ਲੱਗਦੀ ਇੱਛਾ : ਅਸ਼ਰਫ਼ ਗਨੀ
Tuesday, Aug 03, 2021 - 12:23 AM (IST)
ਕਾਬੁਲ : ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਤਾਲਿਬਾਨ ਹਿੰਸਾ ਨੂੰ ਲੈ ਕੇ ਕਿਹਾ ਕਿ ਪਿਛਲੇ ਦੋ ਦਹਾਕਿਆਂ ’ਚ ਤਾਲਿਬਾਨ ਜ਼ਾਲਮ ਤੇ ਜ਼ਿਆਦਾ ਦਮਨਕਾਰੀ ਹੋ ਗਏ ਹਨ। ਗਨੀ ਨੇ ਵਰਚੁਅਲ ਕੈਬਨਿਟ ਮੀਟਿੰਗ ’ਚ ਕਿਹਾ ਕਿ ਤਾਲਿਬਾਨ ’ਚ ਨਾਕਾਰਾਤਮਕ ਬਦਲਾਅ ਹੋਇਆ ਹੈ। ਗਨੀ ਨੇ ਕਿਹਾ ਕਿ ਤਾਲਿਬਾਨ ਬਦਲ ਗਏ ਹਨ ਪਰ ਨਾਕਾਰਾਤਮਕ ਤੌਰ ’ਤੇ। ਉਨ੍ਹਾਂ ਦੀ ਸ਼ਾਂਤੀ ਜਾਂ ਤਰੱਕੀ ਦੀ ਕੋਈ ਇੱਛਾ ਨਹੀਂ ਹੈ, ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਉਹ ਸਮਰਪਣ ਯਾਨੀ ਦੱਬੇ ਹੋਏ ਲੋਕ ਤੇ ਸਰਕਾਰ ਚਾਹੁੰਦੇ ਹਨ। ਅਫਗਾਨਿਸਤਾਨੀ ਰਾਸ਼ਟਰਪਤੀ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਅਮਰੀਕੀ ਤੇ ਨਾਟੋ ਫੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਤੇ ਕਈ ਇਲਾਕਿਆਂ ਨੂੰ ਕਬਜ਼ੇ ’ਚ ਲਿਆ ਹੈ। ਗਨੀ ਨੇ ਕਿਹਾ ਕਿ ਜਦੋਂ ਤਕ ਯੁੱਧ ਦੇ ਮੈਦਾਨ ’ਚ ਹਾਲਾਤ ਨਹੀਂ ਬਦਲਣਗੇ, ਤਾਲਿਬਾਨ ਸਾਰਥਕ ਗੱਲਬਾਤ ’ਚ ਸ਼ਾਮਲ ਨਹੀਂ ਹੋਣਗੇ। ਇਸ ਲਈ ਦੇਸ਼ ਭਰ ’ਚ ਲੋਕਾਂ ਨੂੰ ਇਕਜੁੱਟ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਅਮਰੀਕਾ : ਨਿਊਯਾਰਕ ’ਚ ਨਕਾਬਪੋਸ਼ ਹਮਲਾਵਰਾਂ ਨੇ 10 ਲੋਕਾਂ ’ਤੇ ਕੀਤੀ ਗੋਲੀਬਾਰੀ
ਉਥੇ ਹੀ ਅਫਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਤਾਲਿਬਾਨ ਨੂੰ ਮਦਦ ਪਹੁੰਚਾਉਣ ਲਈ ਪਾਕਿਸਤਾਨ ਨੂੰ ਫਿਟਕਾਰ ਲਾਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਇਰਾਦਾ ਸਾਰਥਿਕ ਗੱਲਬਾਤ ’ਚ ਸ਼ਾਮਲ ਹੋਣ ਦਾ ਨਹੀਂ ਹੈ। ਦੱਸ ਦੇਈਏ ਕਿ ਅਫਗਾਨਿਸਤਾਨ ਦੇ ਆਜ਼ਾਦ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਹੈ ਕਿ ਤਾਲਿਬਾਨ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਕਮਿਸ਼ਨ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ’ਚ 1677 ਲੋਕ ਮਾਰੇ ਗਏ ਹਨ ਤੇ 3644 ਜ਼ਖਮੀ ਹੋਏ ਹਨ। ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਮਰਨ ਵਾਲਿਆਂ ਦੀ ਗਿਣਤੀ 80 ਫੀਸਦੀ ਵਧੀ ਹੈ।