ਤਾਲਿਬਾਨ ਨੇ ਅੰਤਰਰਾਸ਼ਟਰੀ ਮਾਨਤਾ ਹਾਸਲ ਕਰਨ ਲਈ ਚੀਨ ਤੋਂ ਮੰਗੀ ਮਦਦ

Wednesday, Dec 15, 2021 - 05:52 PM (IST)

ਤਾਲਿਬਾਨ ਨੇ ਅੰਤਰਰਾਸ਼ਟਰੀ ਮਾਨਤਾ ਹਾਸਲ ਕਰਨ ਲਈ ਚੀਨ ਤੋਂ ਮੰਗੀ ਮਦਦ

ਇੰਟਰਨੈਸ਼ਨਲ ਡੈਸਕ: ਅਫਗਾਨਿਸਤਾਨ ਦੇ ਉਪ ਸੂਚਨਾ ਅਤੇ ਸੱਭਿਆਚਾਰ ਮੰਤਰੀ ਅਤੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਨੂੰ ਅੰਤਰਰਾਸ਼ਟਰੀ ਮਾਨਤਾ ਦੀ ਲੋੜ ਹੈ। ਦੁਨੀਆ ਦੇ ਦੇਸ਼ਾਂ ਖ਼ਾਸ ਤੌਰ 'ਤੇ ਚੀਨ ਨੂੰ ਇਸ ਸਬੰਧ 'ਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਜ਼ਬੀਉੱਲ੍ਹਾ ਮੁਜਾਹਿਦ ਨੇ ਐਤਵਾਰ 12 ਦਸੰਬਰ ਨੂੰ ਕਾਬੁਲ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਚੀਨ ਖੇਤਰ ਦੇ ਸਭ ਤੋਂ ਮਹੱਤਵਪੂਰਨ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਦੇਸ਼ ਨਾਲ ਚੰਗੇ ਸਬੰਧ ਬਣਾਏ ਰੱਖਣਾ ਤਾਲਿਬਾਨ ਲਈ ਇੱਕ ਵੱਡੀ ਪ੍ਰਾਪਤੀ ਹੋਵੇਗੀ।

ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਜ਼ਬੀਉੱਲ੍ਹਾ ਮੁਜਾਹਿਦ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤਾਲਿਬਾਨ ਦੂਜੇ ਦੇਸ਼ਾਂ ਦੇ ਮਾਮਲਿਆਂ ਵਿਚ ਦਖਲ ਨਹੀਂ ਦੇਣਾ ਚਾਹੁੰਦੇ ਅਤੇ ਉਹ ਦੂਜਿਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਬਿਲਾਲ ਕਰੀਮੀ ਨੇ ਇੱਕ ਟਵਿੱਟਰ ਪੋਸਟ ਵਿੱਚ ਲਿਖਿਆ, "ਸਾਨੂੰ ਉਮੀਦ ਹੈ ਕਿ ਸਾਰੇ ਵਪਾਰੀ ਖ਼ਾਸ ਕਰਕੇ ਚੀਨੀ ਨਿਵੇਸ਼ਕ ਅਫਗਾਨਿਸਤਾਨ ਵਿੱਚ ਨਿਵੇਸ਼ ਕਰਨਗੇ ਅਤੇ ਅਫਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ।"

ਦੱਸ ਦੇਈਏ ਕਿ ਚੀਨ ਨੇ ਐਤਵਾਰ ਨੂੰ ਕਾਬੁਲ ਵਿੱਚ ਇੱਕ ਨਿਰਮਾਣ ਪ੍ਰਾਜੈਕਟ ਦਾ ਉਦਘਾਟਨ ਕੀਤਾ ਹੈ, ਜਿਸ ਨਾਲ ਅਫਗਾਨਿਸਤਾਨ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ। ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਏ ਕਾਬੁਲ ਵਿੱਚ ਚੀਨ ਦੇ ਰਾਜਦੂਤ ਵਾਂਗ ਯੂ ਨੇ ਕਿਹਾ ਕਿ ਉਹ ਅਫਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ ਹਨ ਅਤੇ ਸ਼ਾਂਤੀ ਅਤੇ ਵਿਕਾਸ ਚੀਨ ਦੀਆਂ ਸਾਂਝੀਆਂ ਇੱਛਾਵਾਂ ਹਨ।


author

rajwinder kaur

Content Editor

Related News