ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ‘ਰਾਜ’, ਗੰਭੀਰ ਸੰਕਟ ’ਚ ਦਿਹਾੜੀਦਾਰ

Sunday, Sep 12, 2021 - 01:20 PM (IST)

ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ‘ਰਾਜ’, ਗੰਭੀਰ ਸੰਕਟ ’ਚ ਦਿਹਾੜੀਦਾਰ

ਕਾਬੁਲ— ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਨੇ ਆਮ ਲੋਕਾਂ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਅਰਥਵਿਵਸਥਾ ਦਿਨੋਂ-ਦਿਨ ਡਿੱਗ ਰਹੀ ਹੈ। ਦਿਹਾੜੀਦਾਰਾਂ ਨੂੰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਲੋੜੀਂਦਾ ਕੰਮ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਇਕ ਰਿਪੋਰਟ ਮੁਤਾਬਕ ਦਿਹਾੜੀਦਾਰਾਂ ’ਚੋਂ ਲੱਗਭਗ 46 ਫ਼ੀਸਦੀ ਦਿਹਾੜੀਦਾਰ ਕੰਮ ਪ੍ਰਾਪਤ ਕਰ ਰਹੇ ਸਨ ਪਰ ਤਾਲਿਬਾਨ ਵਲੋਂ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਢਹਿ-ਢੇਰੀ ਕਰਨ ਮਗਰੋਂ ਗਿਣਤੀ ਤੇਜ਼ੀ ਨਾਲ 4 ਫ਼ੀਸਦੀ ਦੀ ਗਿਰਾਵਟ ਆਈ ਹੈ।

ਅਫ਼ਗਾਨਿਸਤਾਨ ਦੇ ਕਲਾ-ਏ-ਵਾਹਿਦ ਦੇ ਰਹਿਣ ਵਾਲੇ ਇਕ ਦਿਹਾੜੀਦਾਰ ਅਲੀ ਖਾਨ ਨੇ ਦੱਸਿਆ ਕਿ ਕਾਬੁਲ ’ਚ ਪਹਿਲਾਂ 300-400 ਦਿਹਾੜੀਦਾਰ ਆਉਂਦੇ ਸਨ, ਜਿਨ੍ਹਾਂ ’ਚੋਂ 150 ਤੋਂ 200 ਨੂੰ ਕੰਮ ਮਿਲ ਜਾਂਦਾ ਸੀ ਪਰ ਤਾਲਿਬਾਨ ਦੇ ਕਬਜ਼ੇ ਮਗਰੋਂ ਮੁੱਠੀ ਭਰ ਲੋਕਾਂ ਨੂੰ ਹੀ ਕੰਮ ਮਿਲਦਾ ਹੈ, ਬਾਕੀ ਬਿਨਾਂ ਕਮਾਏ ਹੀ ਘਰਾਂ ਨੂੰ ਪਰਤ ਜਾਂਦੇ ਹਨ। ਕੋਈ ਕੰਮ ਨਹੀਂ ਹੈ। ਅਸੀਂ ਇੱਥੇ ਪਿਛਲੇ 20 ਦਿਨਾਂ ਤੋਂ ਆ ਰਹੇ ਹਾਂ। ਮੈਨੂੰ ਕੋਈ ਕੰਮ ਨਹੀਂ ਮਿਲਿਆ। ਸਿਰਫ਼ ਇਕ ਜਾਂ ਦੋ ਲੋਕਾਂ ਨੂੰ ਹੀ ਕੰਮ ਮਿਲਦਾ ਹੈ। ਬਾਕੀ ਇੱਥੇ ਭੁੱਖੇ ਅਤੇ ਪਿਆਸੇ ਰਹਿੰਦੇ ਹਨ। ਕਈ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ, ਮੈਂ ਆਪਣੇ ਪਰਿਵਾਰ ਦਾ ਸਾਰਾ ਖਰਚਾ ਚੁੱਕਣਾ ਹੈ।

ਓਧਰ ਆਲ ਅਫ਼ਗਾਨਿਸਤਾਨ ਫੈਡਰੇਸ਼ਨ ਆਫ਼ ਟਰੈਡ ਯੂਨੀਅਨਜ਼ ਦੇ ਪ੍ਰਧਾਨ ਮੁਹੰਮਦ ਲਿਆਕਤ ਆਦਿਲ ਨੇ ਵੀ ਦੇਸ਼ ਵਿਚ ਦਿਹਾੜੀਦਾਰਾਂ ਦੀ ਹਾਲਾਤ ਨੂੰ ‘ਗੰਭੀਰ’ ਦੱਸਿਆ ਅਤੇ ਕਿਹਾ ਕਿ ਦੇਸ਼ ’ਚ ਬੇਰੁਜ਼ਗਾਰੀ ਅਤੇ ਗਰੀਬੀ ਸ਼ਿਖਰਾਂ ’ਤੇ ਪਹੁੰਚ ਗਈ ਹੈ। ਇਸ ਦੇ ਬਾਵਜੂਦ ਤਾਲਿਬਾਨ ਨੇ ਦੇਸ਼ ਵਿਚ ਨਵੀਂ ਕੈਬਨਿਟ ਦਾ ਗਠਨ ਕੀਤਾ ਪਰ ਸਰਕਾਰੀ ਅਧਿਕਾਰੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਕਾਮਿਆਂ ਨੂੰ ਅਜੇ ਤਕ ਉਨ੍ਹਾਂ ਦੀ ਮਹੀਨਾਵਾਰ ਤਨਖ਼ਾਹ ਨਹੀਂ ਮਿਲੀ, ਕਿਉਂਕਿ ਬੈਂਕਿੰਗ ਗਤੀਵਿਧੀਆਂ ਅਜੇ ਤਕ ਆਮ ਨਹੀਂ ਹੋਈਆਂ ਹਨ। ਅਫ਼ਗਾਨਿਸਤਾਨ ਇਕ ਵੱਡੇ ਆਰਥਿਕ ਪਤਨ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ਅਤੇ ਯੂਰਪੀ ਸੰਘ ਨੇ ਇਹ ਵੀ ਕਿਹਾ ਕਿ ਉਹ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣਗੇ।
 


author

Babita

Content Editor

Related News