ਸੀਰੀਆ ''ਚ ਹਵਾਈ ਹਮਲੇ ਦੌਰਾਨ ਬੱਚਿਆਂ ਸਮੇਤ 13 ਲੋਕਾਂ ਦੀ ਮੌਤ

08/17/2019 3:20:13 PM

ਬੈਰੂਤ— ਸੀਰੀਆ 'ਚ ਵਿਦਰੋਹੀਆਂ ਦੇ ਗੜ੍ਹ 'ਚ ਹਵਾਈ ਹਮਲੇ ਕੀਤੇ ਗਏ, ਜਿਸ 'ਚ ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਸੀਰੀਆ 'ਚ ਯੁੱਧ 'ਤੇ ਨਜ਼ਰ ਰੱਖਣ ਵਾਲੀ ਬ੍ਰਿਟੇਨ ਸਥਿਤ ਸੀਰੀਅਨ ਆਬਜ਼ਾਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਅਜਿਹਾ ਸ਼ੱਕ ਹੈ ਕਿ ਰੂਸ ਦੇ ਜਹਾਜ਼ ਨੇ ਸ਼ੁੱਕਰਵਾਰ ਨੂੰ ਹਮਲਾ ਕੀਤਾ। ਇਹ ਹਮਲਾ ਇਦਲਿਬ ਸੂਬੇ ਦੇ ਦੱਖਣ 'ਚ ਹਾਸ ਸ਼ਹਿਰ 'ਚ ਹੋਇਆ, ਜਿੱਥੇ ਹਿੰਸਾ ਕਾਰਨ ਉੱਜੜ ਚੁੱਕੇ ਲੋਕ ਇਕੱਠੇ ਹੋਏ ਸਨ। 

ਨਿਗਰਾਨੀ ਸਮੂਹ ਨੇ ਦੱਸਿਆ ਕਿ ਹਮਲੇ 'ਚ ਘੱਟ ਤੋਂ ਘੱਟ ਚਾਰ ਬੱਚਿਆਂ ਦੀ ਮੌਤ ਹੋ ਗਈ। ਇਕ ਹੋਰ ਸਮਾਚਾਰ ਏਜੰਸੀ ਨੇ ਵੀ ਹਮਲੇ ਦੀ ਖਬਰ ਦਿੱਤੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ 13 ਦੱਸੀ। ਸੀਰੀਆਈ ਫੌਜ ਰੂਸ ਦੇ ਸਮਰਥਨ ਵਾਲੀ ਮੁਹਿੰਮ 'ਚ 30 ਅਪ੍ਰੈਲ ਤੋਂ ਹੀ ਇਦਲਿਬ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਹਮਲੇ ਹੋ ਰਹੇ ਹਨ। ਹਾਲ ਦੇ ਦਿਨਾਂ 'ਚ ਇਲਾਕੇ 'ਚ ਸੰਘਰਸ਼ ਵਧ ਗਿਆ ਹੈ। ਇਦਲਿਬ ਅਤੇ ਵਿਦਰੋਹੀਆਂ ਦੇ ਕਬਜੇ ਵਾਲੇ ਨੇੜਲੇ ਇਲਾਕਿਆਂ 'ਚ ਤਕਰੀਬਨ 30 ਲੱਖ ਲੋਕ ਰਹਿੰਦੇ ਹਨ। ਹਾਲ ਦੇ ਹਫਤਿਆਂ 'ਚ 4,50,000 ਤੋਂ ਵਧੇਰੇ ਲੋਕ ਇਲਾਕੇ 'ਚ ਉੱਜੜ ਗਏ ਜਦਕਿ 500 ਤੋਂ ਵਧੇਰੇ ਨਾਗਰਿਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਅਤੇ ਸਹਾਇਤਾ ਸਮੂਹਾਂ ਦੀਆਂ ਅਪੀਲਾਂ ਦੇ ਬਾਵਜੂਦ ਹਿੰਸਾ ਜਾਰੀ ਹੈ।


Related News