ਆਸਟ੍ਰੇਲੀਆ ''ਚ ਹਾਦਸੇ ਦੇ ਸ਼ਿਕਾਰ ਹੋਏ ਸਮੁੰਦਰੀ ਜਹਾਜ਼ ਦਾ ਮਿਲਿਆ ਮਲਬਾ

01/04/2018 11:52:10 AM

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸਿਡਨੀ 'ਚ ਨਵੇਂ ਸਾਲ ਤੋਂ ਪਹਿਲਾਂ ਯਾਨੀ ਕਿ 31 ਦਸੰਬਰ ਨੂੰ ਹਾਦਸੇ ਦੇ ਸ਼ਿਕਾਰ ਹੋਏ ਸਮੁੰਦਰੀ ਜਹਾਜ਼ ਦਾ ਮਲਬਾ ਮਿਲ ਗਿਆ ਹੈ। ਇਸ ਜਹਾਜ਼ 'ਚ 5 ਯਾਤਰੀ ਅਤੇ ਪਾਇਲਟ ਸਵਾਰ ਸੀ, ਜਿਨ੍ਹਾਂ ਦੀ ਹਾਦਸੇ 'ਚ ਮੌਤ ਹੋ ਗਈ। ਬਚਾਅ ਅਧਿਕਾਰੀਆਂ ਨੇ ਹਾਦਸੇ ਵਾਲੇ ਦਿਨ ਹੀ ਲਾਸ਼ਾਂ ਬਰਾਮਦ ਕਰ ਲਈਆਂ ਸਨ। ਅਧਿਕਾਰੀਆਂ ਨੇ ਵੀਰਵਾਰ ਦੀ ਦੁਪਹਿਰ ਨੂੰ ਜਹਾਜ਼ ਦੇ ਕੈਬਿਨ ਨੂੰ ਬਾਹਰ ਕੱਢਿਆ। ਜਹਾਜ਼ ਦੇ ਮਲਬੇ ਨੂੰ ਬਾਹਰ ਕੱਢਣ 'ਚ ਅਧਿਕਾਰੀਆਂ ਨੂੰ 3 ਘੰਟਿਆਂ ਦਾ ਸਮਾਂ ਲੱਗਾ। ਜਹਾਜ਼ ਦੇ ਵਿੰਗ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਸਨ। ਇਹ ਜਹਾਜ਼ ਹਾਕਸਬਰੀ ਨਦੀ 'ਚ ਡੁੱਬ ਗਿਆ ਸੀ। 
ਜਹਾਜ਼ ਨੂੰ ਲੱਭਣ ਲਈ ਨੇਵੀ ਪੁਲਸ ਨਾਲ ਸੰਪਰਕ ਕੀਤਾ ਗਿਆ। ਇਸ ਦੇ ਨਾਲ ਹੀ ਗੋਤਾਖੋਰਾਂ ਦੀ ਮਦਦ ਲਈ ਗਈ, ਜਿਨ੍ਹਾਂ ਨੇ ਕਰੇਨ ਦੀ ਮਦਦ ਨਾਲ ਜਹਾਜ਼ ਦੇ ਮਲਬੇ ਨੂੰ ਬਾਹਰ ਕੱਢਿਆ। ਦੱਸਣਯੋਗ ਹੈ ਕਿ ਇਸ ਜਹਾਜ਼ ਹਾਦਸੇ 'ਚ 44 ਸਾਲਾ ਕੈਨੇਡੀਅਨ ਪਾਇਲਟ ਗਰੇਥ ਮੋਰਗਨ ਅਤੇ 58 ਸਾਲਾ ਬ੍ਰਿਟੇਨ ਦੇ ਮਸ਼ਹੂਰ ਕਾਰੋਬਾਰੀ ਰਿਚਰਡ ਕਜ਼ਨਸ, ਉਨ੍ਹਾਂ ਦੇ ਦੋ ਬੇਟੇ ਐਡਵਰਡ ਅਤੇ ਵਿਲੀਅਮ, ਮੰਗਤੇਰ ਐਮਾ ਬੋਡੇਨ ਅਤੇ ਉਸ ਦੀ 11 ਸਾਲਾ ਬੇਟੀ ਐਮਾ ਬੋਡੇਨ-ਪੇਜ ਦੀ ਮੌਤ ਹੋ ਗਈ ਸੀ। ਓਧਰ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਅਥਾਰਿਟੀ ਦੇ ਬੁਲਾਰੇ ਪੀਟਰ ਗਿਬਸਨ ਨੇ ਕਿਹਾ ਕਿ ਜਹਾਜ਼ ਦੀ ਮੁਰੰਮਤ ਕੀਤੀ ਗਈ ਸੀ ਅਤੇ ਯੋਗ ਇੰਜੀਨੀਅਰਾਂ ਵਲੋਂ ਜਾਂਚ ਕੀਤੀ ਗਈ ਸੀ। ਜਹਾਜ਼ ਦੇ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਜਹਾਜ਼ ਦਾ ਖੰਭ ਪਹਾੜੀ ਨਾਲ ਟਕਰਾ ਗਿਆ ਸੀ ਅਤੇ ਜਿਸ ਕਾਰਨ ਜਹਾਜ਼ ਨੁਕਸਾਨਿਆ ਗਿਆ ਤੇ ਪਾਇਲਟ ਦੀ ਮੌਤ ਹੋ ਗਈ।  


Related News