ਆਸਟ੍ਰੇਲੀਆ: ਸਿਡਨੀ 'ਚ ਸਵਾਮੀਨਾਰਾਇਣ ਮੰਦਰ 'ਚ ਭੰਨਤੋੜ, ਲਗਾਇਆ ਗਿਆ ਖਾਲਿਸਤਾਨੀ ਝੰਡਾ

05/05/2023 10:26:56 AM

ਮੈਲਬੌਰਨ: ਆਸਟ੍ਰੇਲੀਆ 'ਚ ਇਕ ਵਾਰ ਫਿਰ ਹਿੰਦੂ ਮੰਦਰ ਦੀ ਭੰਨਤੋੜ ਕੀਤੀ ਗਈ ਹੈ। ਪੱਛਮੀ ਸਿਡਨੀ ਦੇ ਰੋਜ਼ਹਿਲ ਉਪਨਗਰ ਵਿੱਚ ਸਥਿਤ ਬਾਪਸ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਦੀ ਇੱਕ ਘਟਨਾ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਖਾਲਿਸਤਾਨ ਸਮਰਥਕਾਂ ਨੇ ਸ਼ੁੱਕਰਵਾਰ ਸਵੇਰੇ ਬਾਪਸ ਸਵਾਮੀਨਾਰਾਇਣ ਮੰਦਰ 'ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ। ਇਸ ਦੇ ਨਾਲ ਹੀ ਮੰਦਰ ਦੇ ਗੇਟ 'ਤੇ ਖਾਲਿਸਤਾਨ ਦਾ ਝੰਡਾ ਟੰਗਿਆ ਹੋਇਆ ਸੀ।

ਆਸਟ੍ਰੇਲੀਅਨ ਮੀਡੀਆ ਨੇ ਦੱਸਿਆ ਕਿ ਖਾਲਿਸਤਾਨ ਸਮਰਥਕਾਂ ਨੇ ਆਸਟ੍ਰੇਲੀਆ ਦੇ ਪੱਛਮੀ ਸਿਡਨੀ ਦੇ ਰੋਜ਼ਹਿਲ ਉਪਨਗਰ ਵਿੱਚ ਬੀਏਪੀਐਸ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਕੀਤੀ। ਸ਼ੁੱਕਰਵਾਰ ਨੂੰ ਜਦੋਂ ਮੰਦਰ ਪ੍ਰਬੰਧਕ ਪੂਜਾ ਕਰਨ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਮੰਦਰ ਦੀ ਕੰਧ ਟੁੱਟੀ ਹੋਈ ਸੀ। ਇਸ ਦੇ ਨਾਲ ਹੀ ਗੇਟ 'ਤੇ ਖਾਲਿਸਤਾਨ ਦਾ ਝੰਡਾ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ 'ਚ ਕਈ ਵਾਰ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। 

ਹਿੰਦੂ ਮੰਦਰਾਂ ਨੂੰ ਬਣਾਇਆ ਗਿਆ ਨਿਸ਼ਾਨਾ 

1. ਇਸ ਤੋਂ ਇਲਾਵਾ ਆਸਟ੍ਰੇਲੀਆ 'ਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਚਾਰ ਤੋਂ ਵੱਧ ਵਾਰ ਹਿੰਦੂ ਮੰਦਰਾਂ ਦੀ ਭੰਨਤੋੜ ਕੀਤੀ ਗਈ। ਮਾਰਚ ਦੇ ਸ਼ੁਰੂ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਬ੍ਰਿਸਬੇਨ ਵਿੱਚ ਇੱਕ ਪ੍ਰਮੁੱਖ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਭੰਨਤੋੜ ਕੀਤੀ।

2. ਇਸ ਤੋਂ ਪਹਿਲਾਂ 23 ਜਨਵਰੀ ਨੂੰ ਮੈਲਬੌਰਨ ਦੇ ਐਲਬਰਟ ਪਾਰਕ 'ਚ ਸਥਿਤ ਇਸਕੋਨ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ ਅਤੇ ਉਥੇ ਬਣੇ ਚਿੱਤਰਾਂ ਨੂੰ ਤੋੜ ਦਿੱਤਾ ਗਿਆ ਸੀ।

3. 16 ਜਨਵਰੀ ਨੂੰ ਵਿਕਟੋਰੀਆ ਦੇ ਕੈਰਮ ਡਾਊਨ ਵਿੱਚ ਇਤਿਹਾਸਕ ਸ਼੍ਰੀ ਸ਼ਿਵ ਵਿਸ਼ਨੂੰ ਮੰਦਰ ਵਿੱਚ ਵੀ ਅਜਿਹੀ ਹੀ ਭੰਨਤੋੜ ਕੀਤੀ ਗਈ ਸੀ।

4 ਇਸੇ ਤਰ੍ਹਾਂ ਦੀ ਘਟਨਾ 12 ਜਨਵਰੀ ਨੂੰ ਮੈਲਬੌਰਨ 'ਚ ਵਾਪਰੀ ਸੀ ਜਿੱਥੇ ਸਵਾਮੀਨਾਰਾਇਣ ਮੰਦਰ 'ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਲਾਪਰਵਾਹੀ : ਗੈਰ ਰਜਿਸਟਰਡ ਡਾਕਟਰ ਛੇ ਦਿਨ ਤੱਕ ਐਮਰਜੈਂਸੀ ਵਿਭਾਗ 'ਚ ਕਰਦਾ ਰਿਹਾ ਕੰਮ

ਇਹਨਾਂ ਹਮਲਿਆਂ ਦੀ ਬਾਪਸ ਨੇ ਨਿੰਦਾ ਕੀਤੀ ਸੀ। ਬਾਪਸ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ “ਅਸੀਂ ਬਰਬਰਤਾ ਅਤੇ ਨਫ਼ਰਤ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਦੁਖੀ ਅਤੇ ਸਦਮੇ ਵਿੱਚ ਹਾਂ। ਅਸੀਂ ਸ਼ਾਂਤੀ ਅਤੇ ਸਦਭਾਵਨਾ ਲਈ ਆਪਣੀਆਂ ਪ੍ਰਾਰਥਨਾਵਾਂ ਕਰਦੇ ਹਾਂ ਅਤੇ ਜਲਦੀ ਹੀ ਘਟਨਾ ਬਾਰੇ ਹੋਰ ਵੇਰਵੇ ਸਾਂਝੇ ਕਰਾਂਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News