ਆਸਟ੍ਰੇਲੀਆ: ਸਿਡਨੀ ਦੇ ਪ੍ਰਸਿੱਧ ਹੋਟਲ ''ਚ ਲੱਗੀ ਅੱਗ, ਇਮਾਰਤਾਂ ਨੂੰ ਕਰਵਾਇਆ ਗਿਆ ਖਾਲੀ

Monday, Jul 30, 2018 - 12:07 PM (IST)

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਸਥਿਤ ਪ੍ਰਸਿੱਧ ਜਰਨਲ ਗੌਰਡਨ ਹੋਟਲ 'ਚ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਅੱਗ ਕਾਰਨ ਜਾਨੀ-ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਪੁਲਸ ਮੁਤਾਬਕ ਸਿਡਨੀ ਦੇ ਸੀਡੇਨਹੈਮ 'ਚ ਜਰਨਲ ਗੌਰਡਨ ਹੋਟਲ 'ਚ ਅੱਗ ਲੱਗਣ ਦੀ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ 1.00 ਵਜੇ ਦੇ ਕਰੀਬ ਵਾਪਰੀ। ਮੌਕੇ 'ਤੇ ਨਿਊ ਸਾਊਥ ਵੇਲਜ਼ ਦੇ ਫਾਇਰ ਅਤੇ ਬਚਾਅ ਅਧਿਕਾਰੀ ਪੁੱਜੇ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਜੁੱਟ ਗਏ। ਪੁਲਸ ਨੇ ਦੱਸਿਆ ਕਿ ਤਕਰੀਬਨ 60 ਫਾਇਰਫਾਈਟਰਜ਼ ਅਧਿਕਾਰੀ ਅੱਗ ਬੁਝਾਉਣ ਦੇ ਕੰਮ 'ਚ ਲੱਗੇ। 

PunjabKesari
ਅਧਿਕਾਰੀਆਂ ਨੇ ਤਕਰੀਬਨ 2.30 ਵਜੇ ਅੱਗ 'ਤੇ ਕਾਬੂ ਪਾਇਆ ਅਤੇ ਹੋਟਲ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਅੱਗ ਹੋਟਲ ਦੀ 2 ਮੰਜ਼ਲ ਤੋਂ ਸ਼ੁਰੂ ਹੋਈ ਅਤੇ ਚਾਰੇ ਪਾਸੇ ਫੈਲ ਗਈ। ਇਹ ਪਤਾ ਨਹੀਂ ਲੱਗ ਸਕਿਆ ਕਿ ਹੋਟਲ 'ਚ ਜਦੋਂ ਅੱਗ ਲੱਗੀ, ਉਸ ਸਮੇਂ ਕੋਈ ਅੰਦਰ ਸੀ ਜਾਂ ਨਹੀਂ। ਘਟਨਾ ਵਾਲੀ ਥਾਂ 'ਤੇ ਪੁੱਜੀ ਨਿਊ ਸਾਊਥ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੱਗ ਕਾਰਨ ਕਿਸੇ ਦੇ ਝੁਲਸ ਦੀ ਰਿਪੋਰਟ ਨਹੀਂ ਹੈ।

PunjabKesari

ਅੱਗ ਲੱਗਣ ਕਾਰਨ ਹੋਟਲ ਦੇ ਨੇੜੇ ਪੈਂਦੇ ਸੀਡੇਨਹੈਮ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ। ਅੱਗ 'ਤੇ ਕਾਬੂ ਪਾਉਣ ਤੋਂ ਕੁਝ ਸਮੇਂ ਬਾਅਦ ਇਸ ਨੂੰ ਮੁੜ ਖੋਲ੍ਹਿਆ ਗਿਆ। ਪੁਲਸ ਮੁਤਾਬਕ ਇਸ ਹੋਟਲ ਦਾ ਇਤਿਹਾਸ 80 ਸਾਲ ਪੁਰਾਣਾ ਹੈ ਅਤੇ ਇਹ ਸੀਡੇਨਹੈਮ ਦਾ ਮਾਣ ਹੈ। ਇਸ ਦਾ ਨਾਂ ਇੰਗਲਿਸ਼ ਅਫਸਰ ਦੇ ਨਾਂ ਜਰਨਲ ਚਾਰਲਸ ਗੌਰਡਨ ਦੇ ਨਾਂ 'ਤੇ ਰੱਖਿਆ ਗਿਆ ਸੀ। ਇਸ ਅਫਸਰ ਨੇ 19ਵੀਂ ਸਦੀ ਦੌਰਾਨ ਬ੍ਰਿਟਿਸ਼ ਆਰਮੀ 'ਚ ਵੱਖ-ਵੱਖ ਜੰਗਾਂ 'ਚ ਹਿੱਸਾ ਲਿਆ ਸੀ।


Related News