ਸਵਿਟਜ਼ਰਲੈਂਡ ਨੇ ''ਤਕਨੀਕੀ ਨੁਕਸ'' ਤੋਂ ਬਾਅਦ ਮੁੜ ਖੋਲ੍ਹਿਆ ਹਵਾਈ ਖੇਤਰ
Wednesday, Jun 15, 2022 - 02:42 PM (IST)
ਜਿਨੇਵਾ (ਏਜੰਸੀ) : ਸਵਿਟਜ਼ਰਲੈਂਡ ਨੇ ਬੁੱਧਵਾਰ ਨੂੰ ਆਪਣਾ ਹਵਾਈ ਖੇਤਰ ਮੁੜ ਖੋਲ੍ਹ ਦਿੱਤਾ। ਇਸ ਤੋਂ ਪਹਿਲਾਂ 'ਤਕਨੀਕੀ ਨੁਕਸ' ਕਾਰਨ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਅਸਥਾਈ ਤੌਰ 'ਤੇ ਬੰਦ ਕੀਤਾ ਗਿਆ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ 'ਤਕਨੀਕੀ ਨੁਕਸ' ਕੀ ਸੀ। ਏਅਰ ਸ਼ਿਪਿੰਗ ਸੇਵਾ ਸਕਾਈਗਾਈਡ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਹਵਾਈ ਖੇਤਰ "ਅਗਲੇ ਨੋਟਿਸ ਤੱਕ" ਬੰਦ ਰਹੇਗਾ।
ਕੁੱਝ ਘੰਟਿਆਂ ਬਾਅਦ ਉਸ ਨੇ ਕਿਹਾ ਕਿ ਹਵਾਈ ਖੇਤਰ ਸਵੇਰੇ 8:30 ਵਜੇ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ ਅਤੇ ਸਵਿਟਜ਼ਰਲੈਂਡ ਦੇ ਆਸਮਾਨ ਵਿੱਚ ਹਵਾਈ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ ਅਤੇ ਜਿਨੇਵਾ ਅਤੇ ਜ਼ਿਊਰਿਖ ਵਿੱਚ ਦੇਸ਼ ਦੇ 2 ਰਾਸ਼ਟਰੀ ਹਵਾਈ ਅੱਡਿਆਂ 'ਤੇ ਸੰਚਾਲਨ ਹੋ ਰਿਹਾ ਹੈ। ਇੱਕ ਬਿਆਨ ਵਿੱਚ, ਸਕਾਈਗਾਈਡ ਨੇ ਇਸ ਘਟਨਾ ਅਤੇ ਗਾਹਕਾਂ ਅਤੇ ਭਾਈਵਾਲਾਂ 'ਤੇ ਪਏ ਇਸ ਦੇ ਪ੍ਰਭਾਵ ਲਈ ਅਫ਼ਸੋਸ ਪ੍ਰਗਟ ਕੀਤਾ। ਸਕਾਈਗਾਈਡ ਦੇ ਬੁਲਾਰੇ ਨਾਲ ਤੁਰੰਤ ਸੰਪਰਕ ਨਹੀਂ ਕੀਤਾ ਜਾ ਸਕਿਆ।